ਫਿਲੌਰ, 1 ਮਈ 2024- ਅੱਜ ਇਥੇ ਸ਼ਿਕਾਗੋ ਦੀ ਸ਼ਹੀਦਾਂ ਦੀ ਯਾਦ ਕਰਦਿਆਂ ਮਈ ਦਿਵਸ ਮਨਾਇਆ ਗਿਆ। ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਵਲੋਂ ਸਥਾਨਕ ਨਵਾਂ ਸ਼ਹਿਰ ਰੋਡ ‘ਤੇ ਇਕੱਠੇ ਹੋ ਕੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਵਲੋਂ ਅੱਠ ਘੰਟੇ ਦੀ ਦਿਹਾੜੀ ਤੋਂ ਬਾਰਾਂ ਘੰਟੇ ਦੀ ਦਿਹਾੜੀ ਕਰਨਾ ਹੀ ਮਜ਼ਦੂਰ ਵਿਰੋਧੀ ਕਦਮ ਹੈ। ਮੌਜੂਦਾ ਸਰਕਾਰ ਵਲੋਂ ਲਗਾਤਾਰ ਮਜ਼ਦੂਰਾਂ ‘ਤੇ ਹਮਲੇ ਕੀਤੇ ਜਾ ਰਹੇ ਹਨ, ਹਰ ਕੰਮ ਕਿੱਤੇ ਦੀ ਧਰਮ ਦੇ ਅਧਾਰਿਤ ਵੰਡ ਪਾ ਕੇ ਲੋਕਾਂ ਨੂੰ ਆਪਸ ‘ਚ ਲੜਾਇਆ ਜਾ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਰੁਜ਼ਗਾਰ ਦੇ ਮੌਕੇ ਘਟਾਏ ਜਾ ਰਹੇ ਹਨ, ਨਵੇਂ ਛੋਟੇ ਮੋਟੇ ਰੁਜ਼ਗਾਰ ਠੇਕੇ ਅਧਾਰਿਤ ਦਿੱਤੇ ਜਾ ਰਹੇ ਹਨ, ਜਿਸ ਨਾਲ ਸ਼ਹਾਦਤਾਂ ਨਾਲ ਅੱਠ ਘੰਟੇ ਵਾਲੀ ਮਨਾਈ ਹੋਈ ਜਿੱਤ ਨੂੰ ਵੀ ਰੋਲਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਲਗਾਤਾਰ ਕਿਸਾਨ, ਮਜ਼ਦੂਰ, ਮਲਾਜ਼ਮ, ਨੌਜਵਾਨ, ਔਰਤ, ਵਿਦਿਆਰਥੀ ਵਿਰੋਧੀ ਕੰਮ ਕਰ ਰਹੀ ਹੈ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ।

ਇਕੱਠ ਨੂੰ ਪਸਸਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ, ਕਰਨੈਲ ਸੰਧੂ, ਬਲਵਿੰਦਰ ਕੁਮਾਰ, ਤਾਰਾ ਸਿੰਘ ਬੀਕਾ, ਕੁਲਦੀਪ ਵਾਲੀਆਂ, ਨਿਰਮੋਲਕ ਸਿੰਘ ਹੀਰਾ, ਪ੍ਰਸ਼ੋਤਮ ਫਿਲੌਰ ਨੇ ਸੰਬੋਧਨ ਕੀਤਾ।
ਇਸ ਮੌਕੇ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ, ਸਕੱਤਰ ਮੱਖਣ ਸੰਗਰਾਮੀ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਮੇਜਰ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਕੁਲਦੀਪ ਕੌੜਾ, ਸਰਬਜੀਤ ਕੌਰ ਰਾਣੀ, ਕਮਲਜੀਤ ਕੌਰ, ਆਸ਼ਾ ਰਾਣੀ ਆਦਿ ਵੀ ਹਾਜ਼ਰ ਸਨ।
ਇਸ ਉਪਰੰਤ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦਗਰ ‘ਤੇ ਸੂਹਾ ਝੰਡਾ ਝੁਲਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਢੇਸੀ ਨੇ ਧੰਨਵਾਦ ਕੀਤਾ।