ਫਿਲੌਰ, 30 ਅਪ੍ਰੈਲ 2024- ਅੱਜ ਸਥਾਨਕ ਰੇਲਵੇ ਫਾਟਕ ਦੇ ਕੋਲ ਨੂਰਮਹਿਲ ਰੋਡ ’ਤੇ ਇਕ ਨਹਿੰਗ ਦਿੱਖ ਵਾਲੇ ਵਿਅਕਤੀ ਵਲੋਂ ਰੇਹੜੀਆਂ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਹਫ਼ਤਾ ਵਸੂਲੀ ਕਰਨ ਖ਼ਿਲਾਫ਼ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਸਥਾਨਕ ਡੀਐਸਪੀ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਹੈ। ਸੜਕ ਦੇ ਕਿਨਾਰੇ ਕੁੱਝ ਪਰਿਵਾਰ ਫਲ ਫਰੂਟ ਅਤੇ ਸਬਜ਼ੀ ਦੀਆਂ ਰੇਹੜੀਆਂ ਪਿਛਲੇ ਕਈ ਸਾਲਾਂ ਤੋਂ ਲਗਾਉਂਦੇ ਆ ਰਹੇ ਹਨ। ਆਗੂਆਂ ਨੇ ਦੱਸਿਆ ਕਿ ਇੱਥੇ ਰੇਹੜੀ ਲਗਾ ਰਹੀ ਇੱਕ ਔਰਤ ਨੂੰ ਜਾਤ/ਧਰਮ ਦਾ ਨਾਮ ਲੈ ਕੇ ਉਕਤ ਵਿਅਕਤੀ ਵਲੋਂ ਸਿਰਫ਼ ਚਿੜਾਇਆ ਹੀ ਨਹੀਂ ਗਿਆ ਸਗੋਂ ਬਾਹਰੋਂ ਹੋਰ ਵਿਅਕਤੀ ਬੁਲਾ ਕੇ ਸਾਰੀਆਂ ਰੇਹੜੀਆਂ ਨੂੰ ਨਿਸ਼ਚਤ ਥਾਂ ’ਤੇ ਲਾਉਣ ਤੋਂ ਰੋਕ ਦਿੱਤਾ। ਆਗੂਆਂ ਨੇ ਦੱਸਿਆ ਕਿ ਇਹ ਵਿਅਕਤੀ ਪਹਿਲਾ ਵੀ ਰੇਹੜੀਆਂ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਉਨ੍ਹਾਂ ਕੋਲੋਂ ਜਬਰੀ ਹਫਤਾ ਵਸੂਲੀ ਕਰਦਾ ਸੀ। ਜਿਸ ’ਤੇ ਅੱਜ ਦਿਹਾਤੀ ਮਜ਼ਦੂਰ ਸਭਾ ਤੇ ਜਮਹੂਰੀ ਕਿਸਾਨ ਸਭਾ ਦੇ ਜਰਨੈਲ ਫਿਲੌਰ, ਕੁਲਦੀਪ ਫਿਲੌਰ, ਸਰਪੰਚ ਰਾਮ ਲੁਭਾਇਆ, ਕੁਲਜੀਤ ਫਿਲੌਰ, ਤਰਜਿੰਦਰ ਧਾਲੀਵਾਲ, ਮਾ. ਹੰਸ ਰਾਜ, ਕਾਂਗਰਸੀ ਆਗੂ ਡਾ. ਅਸ਼ਵਨੀ ਕੁਮਾਰ ਆਸ਼ੂ ਇਕੱਠੇ ਹੋਏ, ਜਿਨ੍ਹਾਂ ਰੇਹੜੀ ਵਾਲਿਆਂ ਦੇ ਹੱਕ ‘ਚ ਨਾਅਰਾ ਮਾਰਦਿਆਂ ਰੇਹੜੀ ਨਿਸ਼ਚਿਤ ਥਾਂ ’ਤੇ ਲਗਵਾ ਦਿੱਤੀਆਂ।
ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਯਾਦਗਰ ਦਫ਼ਤਰ ਇਕੱਠੇ ਹੋ ਕੇ ਇੱਕ ਲਿਖਤੀ ਸ਼ਿਕਾਇਤ ਡੀਐੱਸਪੀ ਫਿਲੌਰ ਨੂੰ ਦਿੱਤੀ। ਜਿਨ੍ਹਾਂ ਨੇ ਇਨਸਾਫ਼ ਦਾ ਭਰੋਸਾ ਦਿੱਤਾ। ਇਸ ਦੌਰਾਨ ਇਹ ਸਾਰਾ ਮਾਮਲਾ ਰੇਲਵੇ ਪੁਲਿਸ ਦੇ ਧਿਆਨ ‘ਚ ਵੀ ਲਿਆਂਦਾ ਗਿਆ, ਜਿਨ੍ਹਾਂ ਕਾਰਵਾਈ ਕਰਨ ਦਾ ਯਕੀਨ ਦਵਾਇਆ। ਜਰਨੈਲ ਫਿਲੌਰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਕਿਸੇ ਵੀ ਕੀਮਤ ’ਤੇ ਪੇਟ ਪਾਲ ਰਹੇ ਲੋਕਾਂ ਦਾ ਉਜਾੜਾ ਨਹੀਂ ਹੋਣ ਦੇਵੇਗੀ।