ਜ਼ਿਲ੍ਹਾ ਸਿਹਤ ਅਫ਼ਸਰ ਨੂੰ ਖਾਣ-ਪੀਣ ਵਾਲੇ ਸਮਾਨ ਦੀਆਂ ਦੁਕਾਨਾਂ/ਅਦਾਰਿਆਂ ਦੀ ਫੂਡ ਸੈਂਪਲਿੰਗ ਕਰਨ ਲਈ ਕਿਹਾ
ਜਲੰਧਰ, 30 ਅਪ੍ਰੈਲ- ਲੋਕਾਂ ਲਈ ਸਾਫ-ਸੁਥਰੇ ਅਤੇ ਗੁਣਵੱਤਾ ਭਰਪੂਰ ਖਾਣ-ਪੀਣ ਵਾਲੇ ਪਦਾਰਥ ਯਕੀਨੀ ਬਣਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਜਲੰਧਰ ਨੂੰ ਜ਼ਿਲ੍ਹੇ ਵਿੱਚ ਨਿਯਮਿਤ ਤੌਰ ’ਤੇ ਖਾਣ-ਪੀਣ ਵਾਲੇ ਸਮਾਨ ਦੀਆਂ ਦੁਕਾਨਾਂ/ਅਦਾਰਿਆਂ ਦੀ ਫੂਡ ਸੈਪਲਿੰਗ ਕਰਨ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਹਦਾਇਤਾਂ ਲੋਕਾਂ ਦੀ ਸਿਹਤ ਸੰਭਾਲ ਦੇ ਮੱਦੇਨਜ਼ਰ ਜਾਰੀ ਕੀਤੀਆਂ ਗਈਆਂ ਹਨ ਕਿਉਂਜੋ ਉਨ੍ਹਾਂ ਨੂੰ ਜ਼ਿਲ੍ਹੇ ਦੀਆਂ ਕੁਝ ਦੁਕਾਨਾਂ/ਅਦਾਰਿਆਂ ਵੱਲੋਂ ਖ਼ਰਾਬ ਅਤੇ ਘੱਟ ਗੁਣਵੱਤਾ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਸਬੰਧੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।
ਡਾ. ਹਿਮਾਂਸ਼ੂ ਨੇ ਕਿਹਾ ਕਿ ਖਾਣ-ਪੀਣ ਦੇ ਸਮਾਨ ਦੀਆਂ ਦੁਕਾਨਾਂ/ਅਦਾਰਿਆਂ ਦੀ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ ਅਤੇ ਇਹ ਵੀ ਲਾਜ਼ਮੀ ਹੈ ਕਿ ਇਨ੍ਹਾਂ ਵੱਲੋਂ ਵੇਚਿਆ ਜਾਣ ਵਾਲਾ ਸਮਾਨ ਚੰਗੀ ਗੁਣਵੱਤਾ ਵਾਲਾ ਹੋਵੇ ਕਿਉਂਕਿ ਇਹ ਵਿਸ਼ਾ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ।
ਉਨ੍ਹਾਂ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸੁਰੱਖਿਅਤ ਤੇ ਸਾਫ-ਸੁਥਰੇ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਇਨ੍ਹਾਂ ਅਦਾਰਿਆਂ ਨੂੰ ਢੁੱਕਵੀਂ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਜਾਵੇ, ਜਿਸ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ, ਪਰੋਸਣ, ਪੈਕਿੰਗ ਦੌਰਾਨ ਸਫਾਈ ਅਤੇ ਗੁਣਵੱਤਾ ਬਰਕਰਾਰ ਰੱਖਣ ਸਬੰਧੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਵੇ।
ਉਨ੍ਹਾਂ ਨੇ ਸਿਹਤ ਅਫ਼ਸਰ ਨੂੰ ਇਨ੍ਹਾਂ ਅਦਾਰਿਆਂ ਨੂੰ ਸਾਫ-ਸਫਾਈ ਦਾ ਧਿਆਨ ਰੱਖਣ ਸਬੰਧੀ ਐਡਵਾਈਜ਼ਰੀ ਜਾਰੀ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਇਨ੍ਹਾਂ ਅਦਾਰਿਆਂ ਦੀ ਨਿਯਮਿਤ ਸੈਂਪਲਿੰਗ ਕਰਨ ਦੀਆਂ ਹਦਾਇਤਾਂ ਦਿੰਦਿਆਂ ਕਿਹਾ ਕਿ ਜੇਕਰ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਨਿਰਧਾਰਿਤ ਪੈਮਾਨੇ ਤੋਂ ਘੱਟ ਪਾਈ ਜਾਂਦੀ ਹੈ ਤਾਂ ਸਬੰਧਤ ਅਦਾਰੇ ਖਿਲਾਫ਼ ਬਣਦੀ ਕਾਰਵਾਈ ਕਰਕੇ ਉਨ੍ਹਾਂ ਦੇ ਦਫ਼ਤਰ ਵਿਖੇ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ।