ਐਸ.ਡੀ.ਐਮ. ਦਫਤਰ , ਚੋਣ ਸੈੱਲ ਤੇ ਸੇਵਾ ਕੇਂਦਰ ਵਿਖੇ ਕੰਮਕਾਜ ਦਾ ਲਿਆ ਜਾਇਜ਼ਾ
ਦਫ਼ਤਰਾਂ ਵਿਚ ਬਕਾਇਆ ਕੰਮਾਂ ਦੇ ਜਲਦ ਨਿਪਟਾਰਾ ਕਰਨ ਦੇ ਨਿਰਦੇਸ਼
ਫਿਲੌਰ, 24 ਅਪ੍ਰੈਲ 2024-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਫਿਲੌਰ ਉਪ ਮੰਡਲ ਵਿਖੇ ਦਫ਼ਤਰਾਂ ਦੀ ਅਚਨਚੇਤ ਜਾਂਚ ਕਰਕੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ । ਉਨਾਂ ਐਸ.ਡੀ.ਐਮ. ਦਫਤਰ , ਸੇਵਾ ਕੇਂਦਰ , ਤਹਿਸੀਲ ਤੇ ਲੋਕ ਸਭਾ ਚੋਣਾਂ 2024 ਲਈ ਸਥਾਪਿਤ ਕੀਤੇ ਚੋਣ ਸੈੱਲ ਦਾ ਦੌਰਾ ਕੀਤਾ ।
ਸੇਵਾ ਕੇਂਦਰ ਵਿਖੇ ਕੰਮ ਲਈ ਆਏ ਲੋਕਾਂ ਨਾਲ ਗੱਲਬਾਤ ਦੌਰਾਨ ਉਨਾਂ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੇਵਾਵਾਂ ਪ੍ਰਾਪਤ ਕਰਨ ਲਈ ਦਿੱਤੇ ਯੋਗ ਬਿਨੈ-ਪੱਤਰਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਇਆ ਜਾਵੇ ।
ਡਿਪਟੀ ਕਮਿਸ਼ਨਰ ਨੇ ਚੋਣ ਦਫਤਰ ਦੇ ਦੌਰੇ ਦੌਰਾਨ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ 2024 ਨੂੰ ਸਫਲਤਾ ਪੂਰਵਕ ਕਰਵਾਉਣ ਲਈ ਉਹ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ।
ਇਸ ਤੋਂ ਇਲਾਵਾ ਉਨਾਂ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਨੂੰ ਵੱਖ – ਵੱਖ ਮਨਜ਼ੂਰੀਆਂ ਦੇਣ ਲਈ ਸਥਾਪਿਤ ਕੀਤੇ ਗਏ ਸੈੱਲਾਂ ਵਿਖੇ ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਸਮਾਂ ਸੀਮਾ ਅੰਦਰ ਯੋਗ ਮਨਜ਼ੂਰੀ ਦਿੱਤੇ ਜਾਣਾ ਯਕੀਨੀ ਬਣਾਉਣ ਲਈ ਕਿਹਾ ।
ਡਾ. ਅਗਰਵਾਲ ਵੱਲੋਂ ਐਸ ਡੀ ਐਮ ਦਫਤਰ ਤੇ ਤਹਿਸੀਲ ਵਿਖੇ ਵੀ ਲੋਕਾਂ ਨਾਲ ਗੱਲਬਾਤ ਕੀਤੀ ਗਈ । ਉਨਾਂ ਕਿਹਾ ਕਿ ਦਫ਼ਤਰਾਂ ਵਿਖੇ ਲੋਕਾਂ ਦੇ ਬੈਠਣ , ਸਾਫ ਸਫਾਈ , ਪੀਣ ਵਾਲੇ ਪਾਣੀ ਦੇ ਪ੍ਰਬੰਧ ਆਦਿ ਦਾ ਵੀ ਜਾਇਜ਼ਾ ਲਿਆ । ਉਨਾਂ ਕਿਹਾ ਕਿ ਦਫਤਰੀ ਰਿਕਾਰਡ ਦੀ ਸੁਚੱਜੀ ਸਾਂਭ ਸੰਭਾਲ ਹਰ ਪੱਖੋਂ ਨਿਸ਼ਚਿਤ ਕੀਤੀ ਜਾਵੇ ।
ਇਸ ਮੌਕੇ ਐਸ ਡੀ ਐਮ ਅਮਨਪਾਲ ਸਿੰਘ ਵੀ ਹਾਜ਼ਰ ਸਨ ।
