Breaking
Fri. Mar 28th, 2025

ਜ਼ਿਲ੍ਹਾ ਚੋਣ ਅਫ਼ਸਰ ਨੇ ਮਜ਼ਬੂਤ ਲੋਕਤੰਤਰ ਲਈ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ’ਚ ਵੱਧ-ਚੜ੍ਹ ਕੇ ਭਾਗ ਲੈਣ ਦਾ ਦਿੱਤਾ ਸੱਦਾ

ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ‘ਆਈ ਵੋਟ ਫੋਰ ਸ਼ੋਅਰ’ ਨਾਅਰੇ ਹੇਠ ਹਸਤਾਖ਼ਰ ਮੁਹਿੰਮ ਦੀ ਕੀਤੀ ਸ਼ੁਰੂਆਤ

‘ਫਸਟ ਟਾਈਮ ਵੋਟਰਾਂ’ ਨੂੰ ਇਕ ਜੂਨ ਨੂੰ ਪੋਲਿੰਗ ਬੂਥਾਂ ’ਤੇ ਦਿੱਤੇ ਜਾਣਗੇ ਪ੍ਰਸ਼ੰਸਾ ਪੱਤਰ

ਜਲੰਧਰ, 19 ਅਪ੍ਰੈਲ 2024-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨੌਜਵਾਨਾਂ ਨੂੰ ਮਜ਼ਬੂਤ ਲੋਕਤੰਤਰ ਲਈ ਲੋਕ ਸਭਾ ਚੋਣਾਂ-2024 ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੱਤਾ।

ਅੱਜ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਸਵੀਪ ਗਤੀਵਿਧੀਆਂ ਤਹਿਤ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ‘ਸਾਨੂੰ ਸਭ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਮਾਣਮੱਤਾ ਮੈਂਬਰ ਹੋਣਾ ਚਾਹੀਦਾ ਹੈ, ਜੋ ਸਾਨੂੰ ਸਾਡੇ ਜਮਹੂਰੀ ਅਧਿਕਾਰ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਇਸਤੇਮਾਲ ਦਾ ਮੌਕਾ ਦਿੰਦਾ ਹੈ।’

ਨੌਜਵਾਨਾਂ ਖਾਸ ਕਰ 18 ਤੋਂ 19 ਸਾਲ ਦੀ ਉਮਰ ਦੇ ਲੜਕੇ-ਲੜਕੀਆਂ ਨੂੰ ਵੋਟਰ ਜਾਗਰੂਕਤਾ ਦਾ ਬਰਾਂਡ ਅੰਬੈਸੇਡਰ ਕਰਾਰ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 70 ਫੀਸਦੀ ਤੋਂ ਵੱਧ ਵੋਟਿੰਗ ਦੇ ਟੀਚੇ ਨੂੰ ਹਾਸਲ ਕਰਨ ਲਈ ਵੱਧ ਤੋਂ ਵੱਧ ਲੋਕਾਂ ਦੀ ਸਰਗਰਮ ਸ਼ਮੂਲੀਅਤ ਲਈ ਸਵੀਪ ਗਤੀਵਿਧੀਆਂ ਤਹਿਤ ਵਿਆਪਕ ਯੋਜਨਾ ਉਲੀਕੀ ਗਈ ਹੈ।

ਲੋਕਾਂ ਵਿੱਚ ਵੋਟਰ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਵਿਦਿਆਰਥੀਆਂ/ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਕ ਜੂਨ 2024 ਨੂੰ ਪਹਿਲੀ ਵਾਰ ਵੋਟ ਪਾਉਣ ਵਾਲੇ ਸਾਰੇ ਵੋਟਰਾਂ ਨੂੰ ਚੋਣ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।

ਉਨ੍ਹਾਂ ਇਸ ਮੌਕੇ ਨੈਤਿਕਤਾ ਨਾਲ ਵੋਟ ਪਾਉਣ ਦੀ ਸਹੁੰ ਚੁਕਾਉਣ ਤੋਂ ਇਲਾਵਾ ‘ਆਈ ਵੋਟ ਫੋਰ ਸਿਓਰ” ਲਿਖ ਕੇ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ, ਜਿਸ ਨੂੰ ਜ਼ਿਲ੍ਹੇ ਭਰ ਵਿੱਚ ਚਲਾਇਆ ਜਾਵੇਗਾ।

ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਚਾਂਸਲਰ ਸੰਤ ਮਨਮੋਹਨ ਸਿੰਘ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਸਕੱਤਰ ਹਰਦਮਨ ਸਿੰਘ, ਵੀ.ਸੀ. ਡਾ. ਧਰਮਜੀਤ ਸਿੰਘ, ਡੀਨ ਅਕਾਦਮਿਕ ਡਾ. ਵਿਜੇ ਧੀਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਲੋਕ ਸਭਾ ਚੋਣਾਂ-2024 ਵਿੱਚ ਨੈਤਿਕ ਵੋਟਿੰਗ ਦਾ ਸੁਨੇਹਾ ਦਿੰਦੀਆਂ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ।

ਇਸ ਮੌਕੇ ਸੁਨੀਲ ਫੋਗਟ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ , ਏ.ਆਰ.ਓ ਪੁਨੀਤ ਸ਼ਰਮਾ ਅਤੇ ਵੱਖ-ਵੱਖ ਵਿਭਾਗਾਂ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਵੀ ਮੌਜੂਦ ਸਨ।

By admin

Related Post

Leave a Reply

Your email address will not be published. Required fields are marked *