ਜਲੰਧਰ, 18 ਅਪ੍ਰੈਲ 2024-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਵਿਸ਼ਵ ਵਿਰਾਸਤ ਦਿਵਸ 2024’ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਲੰਧਰ ਦੇ ਆਰਕੀਟੈਕਚਰਲ ਹੈਰੀਟੇਜ ਸਮਾਰਕ ਨੂੰ ਦਰਸਾਉਂਦੀਆਂ ਤਸਵੀਰਾਂ ਅਤੇ ਦਸਤਾਵੇਜ਼ੀ ਫਿਲਮ ‘ਨੂਰਮਹਿਲ ਸਰਾਏ- 400 ਈਅਰ ਓਲਡ ਹੈਰੀਟੇਜ ਇਨ ਜਲੰਧਰ’ ਦੀ ਝਲਕ ਦੇਖੀ।
ਵਿਸ਼ਵ ਵਿਰਾਸਤ ਦਿਵਸ 2024 ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਵਿੱਚ ਸਥਿਤ ਸਭ ਤੋਂ ਪ੍ਰਮੁੱਖ ਵਿਰਾਸਤੀ ਸਮਾਰਕਾਂ ਵਿੱਚੋਂ ਇੱਕ ਨੂਰਮਹਿਲ ਸਰਾਏ ਨੂੰ ਦਰਸਾਉਂਦੀ ‘ਨੂਰਮਹਿਲ ਸਰਾਏ- 400 ਈਅਰ ਓਲਡ ਹੈਰੀਟੇਜ ਇਨ ਜਲੰਧਰ’ ਨੌਜਵਾਨਾਂ ਨੂੰ ਪੰਜਾਬ ਦੇ ਅਮੀਰ ਇਤਿਹਾਸ ਤੋਂ ਜਾਣੂ ਕਰਵਾਉਣ ਵਿੱਚ ਸਹਾਇਕ ਸਾਬਤ ਹੋਵੇਗੀ।
ਦਸਤਾਵੇਜ਼ੀ ਫਿਲਮ ਮੁਗ਼ਲ ਕਾਲ ਦੌਰਾਨ ਪ੍ਰਸ਼ਾਸਨਿਕ ਅਤੇ ਨਿਆਂਇਕ ਗਤੀਵਿਧੀਆਂ ਦੇ ਕੇਂਦਰ ਦੇ ਰੂਪ ਵਿੱਚ ਕੰਮ ਕਰਦੀ ਨੂਰਮਹਿਲ ਸਰਾਏ ਦੀ ਖਾਸ ਮੁਗ਼ਲ ਵਾਸਤੂਕਲਾ ਸ਼ੈਲੀ ਨੂੰ ਪ੍ਰਦਰਸ਼ਿਤ ਕਰਦੀ ਹੈ, ਜਿਸ ਵਿੱਚ ਸਮਰੂਪ ਲੇਆਉਟ, ਗੁੰਝਲਦਾਰ ਨੱਕਾਸ਼ੀ, ਵਿਸ਼ਾਲ ਵਿਹੜੇ ਅਤੇ ਲਾਲ ਦਾ ਇੱਟ ਆਰਕੀਟੈਕਚਰ ਸ਼ਾਮਲ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਡੀਆਂ ਵਿਰਾਸਤੀ ਸਮਾਰਕਾਂ ਦੀ ਸਾਂਭ ਸੰਭਾਲ ਨੂੰ ਪਹਿਲ ਦੇਣਾ ਅਤੇ ਨੌਜਵਾਨ ਪੀੜ੍ਹੀ ਅੰਦਰ ਇਨ੍ਹਾਂ ਦੀ ਇਤਿਹਾਸਕ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।
ਲੇਖਕ ਤੇ ਹੈਰੀਟੇਜ ਪ੍ਰਮੋਟਰ ਹਰਪ੍ਰੀਤ ਸੰਧੂ ਨੇ ਕਿਹਾ ਕਿ ‘ਨੂਰਮਹਿਲ ਸਰਾਏ’ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਉਨ੍ਹਾਂ ਵੱਲੋਂ ਤਸਵੀਰਾਂ ਵਾਲਾ ਬ੍ਰੋਸ਼ਰ ਅਤੇ ਦਸਤਾਵੇਜ਼ੀ ਫ਼ਿਲਮ ਤਿਆਰ ਕੀਤੀ ਗਈ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਐਸ.ਡੀ.ਐਮ. ਡਾ. ਜੈ ਇੰਦਰ ਸਿੰਘ ਆਦਿ ਵੀ ਮੌਜੂਦ ਸਨ।