ਗੁਰਾਇਆ, 13 ਅਪ੍ਰੈਲ 2024-ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਵਿਸਾਖੀ ਦੇ ਮੌਕੇ ਪਿੰਡ ਸੰਗ ਢੇਸੀਆਂ ’ਚ ਕਾਨਫਰੰਸ ਆਯੋਜਿਤ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਆਗਾਮੀ ਚੋਣਾਂ ਦੌਰਾਨ ਮੋਦੀ ਅਤੇ ਉਸ ਦੇ ਹਮਾਇਤੀਆਂ ਨੂੰ ਹਰਾਉਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਨੇ ਪਿਛਲੇ ਦਸਾਂ ਸਾਲਾਂ ਦੌਰਾਨ ਧਰਮਾਂ ਦੇ ਨਾਂ ’ਤੇ ਸਿਆਸਤ ਕੀਤੀ ਹੈ। ਦਸ ਸਾਲ ਪਹਿਲਾ ਮੋਦੀ ਵਲੋਂ ਤੇਲ, ਗੈਸ ਸਸਤਾ ਕਰਨ, ਲੋਕਾਂ ਨੂੰ ਰੁਜ਼ਗਾਰ ਦੇਣ, ਪੰਦਰਾਂ ਲੱਖ ਰੁਪਏ ਹਰ ਇੱਕ ਦੇ ਖਾਤੇ ’ਚ ਪਾਉਣ ਦੇ ਮੁਦੇ ਅਲਾਪੇ ਗਏ ਸਨ ਪਰ ਹੁਣ ਚੋਣਾਂ ਦੌਰਾਨ ਸਿਰਫ ਕਾਂਗਰਸ ਨੂੰ ਭੰਡਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ। ਜਦੋਂ ਕਿ ਕਾਂਗਰਸ ਤਾਂ ਪਿਛਲੇ ਦਸ ਸਾਲਾਂ ਤੋਂ ਸੱਤਾ ’ਚ ਹੀ ਨਹੀਂ ਹੈ। ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਦੁੱਗਣੀ ਆਮਦਨ ਦਾ ਜ਼ੁਮਲਾ ਦਿਖਾਇਆ ਗਿਆ ਅਤੇ ਮਜ਼ਦੂਰਾਂ ਲਈ ਅੱਠ ਤੋਂ 12 ਘੰਟੇ ਦੀ ਕੰਮ ਦਿਹਾੜੀ ਦਾ ਕਾਨੂੰਨ ਬਣਾ ਦਿੱਤਾ ਗਿਆ ਜਿਸ ਨਾਲ ਇਹ ਸਾਬਤ ਹੋ ਗਿਆ ਕਿ ਮੋਦੀ ਸਰਕਾਰ ਕਾਰਪੋਰਟ ਕੰਪਨੀਆਂ ਦੇ ਹੱਕ ਦੀਆਂ ਨੀਤੀਆਂ ਹੀ ਲਿਆ ਰਹੀ ਹੈ। ਇਸ ਕਾਨਫਰੰਸ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਟਰੇਡ ਯੂਨੀਅਨ ਦੇ ਆਗੂ ਸ਼ਿਵ ਤਿਵਾੜੀ ਨੇ ਸੰਬੋਧਨ ਕੀਤਾ। ਇਸ ਮੌਕੇ ਮੇਜਰ ਫਿਲੌਰ, ਸਰਬਜੀਤ ਸੰਗੋਵਾਲ, ਗੋਗੀ ਬੇਗ਼ਮਪੁਰਾ, ਮੱਖਣ ਸੰਗਰਾਮੀ, ਗੁਰਜੀਤ ਜੀਤਾ ਪਾਲਾਂ, ਮਨਜੀਤ ਸੂਰਜਾ, ਬਲਵਿੰਦਰ ਸਿੰਘ ਦੁਸਾਂਝ, ਰਾਮ ਨਾਥ ਦੁਸਾਂਝ, ਨੰਬਰਦਾਰ ਬਲਜਿੰਦਰ ਸਿੰਘ, ਕੁਲਵੰਤ ਖਹਿਰਾ, ਲਖਬੀਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
ਕਾਨਫਰੰਸ ਦੌਰਾਨ ਆਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਦੀ ਟੀਮ ਵਲੋਂ ਨਸ਼ੇ ਸਮੇਤ ਹੋਰ ਸਮਾਜਿਕ ਮੁਦਿਆਂ ਨੂੰ ਲੈ ਕੇ ਗਮਨੂ ਬਾਂਸਲ ਦੀ ਨਿਰਦੇਸ਼ਨਾ ਹੇਠ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ।
ਵਿਸਾਖੀ ਦੇ ਮੌਕੇ ਤੇ ਜਨਤਕ ਜਥੇਬੰਦੀਆਂ ਨੇ ਕੀਤੀ ਕਾਨਫਰੰਸ, ਮੋਦੀ ਖ਼ਿਲਾਫ਼ ਲਾਮਬੰਦੀ ਦੀ ਕੀਤੀ ਅਪੀਲ
