Breaking
Wed. Jun 18th, 2025

ਸੀਪੀਆਈ (ਐਮ) ਵੱਲੋਂ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੀ ਹਲਕਾ ਜਲੰਧਰ ਤੋਂ ਚੋਣ ਮੁਹਿੰਮ ਦਾ ਆਗਾਜ਼

ਮੋਦੀ ਸਰਕਾਰ ਨੂੰ ਹਰਾ ਕੇ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਦੀ ਸਰਕਾਰ ਬਣਾਈ ਜਾਵੇਗੀ – ਕਾਮਰੇਡ ਸੁਖਵਿੰਦਰ ਸਿੰਘ ਸੇਖੋਂ

ਬੰਡਾਲਾ ਮੰਜਕੀ  11 ਅਪ੍ਰੈਲ 2024- ਸੀਪੀਆਈ (ਐਮ) ਵੱਲੋਂ ਲੋਕ ਸਭਾ ਚੋਣਾਂ ਦੌਰਾਨ ਹਲਕਾ ਜਲੰਧਰ ਤੋਂ ਉਮੀਦਵਾਰ ਮਾਸਟਰ ਪ੍ਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਦਾ ਆਗਾਜ਼ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਜੱਦੀ ਪਿੰਡ ਬੰਡਾਲਾ ਮੰਜਕੀ ਵਿਖੇ ਇਕ ਵਿਸ਼ਾਲ ਸੂਬਾਈ ਚੋਣ ਰੈਲੀ ਕਰਕੇ ਕੀਤਾ ਗਿਆ । ਕਾਮਰੇਡ ਸੁਰਜੀਤ ਮਹਾਨ ਦੇਸ਼ ਭਗਤ ਸਨ ਅਤੇ ਉਹ ਲੰਮਾ ਸਮਾਂ ਸੀਪੀਆਈ ( ਐਮ ) ਦੇ ਜਨਰਲ ਸਕੱਤਰ ਵੀ ਰਹੇ । ਅੱਜ ਕੁੱਲ ਹਿੰਦ ਕਿਸਾਨ ਸਭਾ 1936 ਦੇ ਸਥਾਪਨਾ ਦਿਵਸ ਤੇ ਮਹਾਨ ਕਮਿਊਨਿਸਟ ਅਤੇ ਪ੍ਰਸਿੱਧ ਕਿਸਾਨ ਆਗੂ ਦੇ ਸੰਘਰਸ਼ਮਈ ਜੀਵਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ । ਉਹ ਆਪਣੇ ਜੀਵਨ ਕਾਲ ਦੌਰਾਨ ਪੰਜਾਬ ਵਿਧਾਨ ਸਭਾ ਮੈਂਬਰ ਅਤੇ ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਵੀ ਰਹੇ ।

ਬੰਡਾਲਾ ਵਿਖੇ ਸੂਬਾਈ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਕਿਹਾ ਕਿ ਸੀਪੀਆਈ ( ਐਮ ) ਦੇਸ਼ ਭਗਤ ਗਦਰੀ ਬਾਬਿਆਂ ਦੀ ਵਿਰਾਸਤੀ ਪਾਰਟੀ ਹੈ । ਕਾਮਰੇਡ ਸੁਰਜੀਤ ਨੇ ਆਪਣਾ ਰਾਜਸੀ ਜੀਵਨ ਗਦਰੀ ਬਾਬਾ ਕਰਮ ਸਿੰਘ ਚੀਮਾ ਅਤੇ ਗਦਰੀ ਬਾਬਾ ਭਾਗ ਸਿੰਘ ਕੈਨੇਡੀਅਨ ਉੱਪਲ ਭੂਪਾ ਦੀ ਅਗਵਾਈ ਵਿੱਚ ਸ਼ੁਰੂ ਕੀਤਾ ਸੀ । ਉਹਨਾਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲੈਂਦੇ ਹੋਏ 23 ਮਾਰਚ 1932 ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ , ਰਾਜਗੁਰੂ , ਸੁਖਦੇਵ ਦੀ ਪਹਿਲੀ ਸ਼ਹੀਦੀ ਬਰਸੀ ਮੌਕੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦਫਤਰ ‘ਤੇ ਭਾਰਤ ਦੇਸ਼ ਦਾ ਤਿਰੰਗਾ ਝੰਡਾ ਲਹਿਰਾ ਦਿੱਤਾ ਸੀ । ਪੁਲਿਸ ਜਬਰ , ਤਸੀਹੇ ਅਤੇ ਜੇਲ੍ਹਾਂ ਕੱਟਦੇ ਹੋਏ ਉਹਨਾਂ ਨੇ ਆਪਣਾ ਸੰਘਰਸ਼ਮਈ ਜੀਵਨ ਤਾਜ਼ਿੰਦਗੀ ਜਾਰੀ ਰੱਖਿਆ । ਕਾਮਰੇਡ ਸੇਖੋ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਮਾਸਟਰ ਪਰਸ਼ੋਤਮ ਬਿਲਗਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ । ਸੀਪੀਆਈ ( ਐਮ ) ਦੇਸ਼ ਦੀ ਇੱਕ ਰਾਸ਼ਟਰੀ ਪਾਰਟੀ ਹੈ । ਇਸ ਦੇ ਆਗੂਆਂ ਵੱਲੋਂ ਦੇਸ਼ ਦੀ ਰਾਜਨੀਤੀ ਵਿੱਚ ਵੱਡੀ ਭੂਮਿਕਾ ਨਿਭਾਈ ਜਾ ਰਹੀ ਹੈ । ਸੀਪੀਆਈ (ਐਮ) ਦੇਸ਼ ਅੰਦਰ ਫਿਰਕੂ – ਕਾਰਪੋਰੇਟ ਗਠਜੋੜ ਨੂੰ ਨਿਖੇੜਨ ਅਤੇ ਮੋਦੀ ਸਰਕਾਰ ਨੂੰ ਹਰਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਰਹੀ ਹੈ ਅਤੇ ਅੱਜ ਵੀ ਯਤਨਸ਼ੀਲ ਹੈ । ਲੋਕ ਸਭਾ ਚੋਣਾਂ 2024 ਦੌਰਾਨ ਦੇਸ਼ ਦੀਆਂ ਖੱਬੇ-ਪੱਖੀ , ਧਰਮ – ਨਿਰਪੱਖ ਅਤੇ ਜਮਹੂਰੀਅਤ ਪਸੰਦ ਸ਼ਕਤੀਆਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਸੀਪੀਆਈ ( ਐਮ ) ਵੱਲੋਂ ਕਿਰਤੀ ਕਿਸਾਨਾਂ ਮੁਲਾਜ਼ਮਾਂ ਮਜ਼ਦੂਰਾਂ ਦੇ ਹਰਮਨ ਪਿਆਰੇ , ਪੜੇ – ਲਿਖੇ ਇਮਾਨਦਾਰ ਅਤੇ ਰਾਜਨੀਤਿਕ ਤੌਰ ਤੇ ਚੇਤਨ ਆਗੂ ਮਾਸਟਰ ਪ੍ਰਸ਼ੋਤਮ ਬਿਲਗਾ ਨੂੰ ਜਿਤਾਉਣ ਲਈ ਹਰ ਸੂਜਵਾਨ ਵੋਟਰ ਨੂੰ ਦਾਤੀ , ਹਤੌੜਾ , ਤਾਰਾ ਦੇ ਚੋਣ ਨਿਸ਼ਾਨ ਤੇ ਵੋਟ ਪਾਉਣ ਦਾ ਸੱਦਾ ਦਿੱਤਾ ਗਿਆ ਹੈ ।

ਸੀਪੀਆਈ ( ਐਮ ) ਦੇ ਸੂਬਾਈ ਆਗੂ ਕਾਮਰੇਡ ਬਲਜੀਤ ਸਿੰਘ ਗਰੇਵਾਲ ਵੱਲੋਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਆਜ਼ਾਦੀ ਸੰਗਰਾਮ ਦੇ ਨਾਲ ਨਾਲ ਦੇਸ਼ ਅੰਦਰ ਅਨੇਕਾਂ ਕਿਸਾਨ ਸੰਘਰਸ਼ ਲੜੇ ਗਏ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ । ਕਿਰਤੀ ਕਿਸਾਨਾਂ ਦੇ ਸੰਘਰਸ਼ਾਂ ਦਾ ਸ਼ਾਨਾਮੱਤਾ ਇਤਿਹਾਸ ਹੈ । ਦਿੱਲੀ ਦੇ ਬਾਰਡਰ ‘ਤੇ ਇਤਿਹਾਸਿਕ ਕਿਸਾਨ ਸੰਘਰਸ਼ 2020 ਦੀ ਜਿੱਤ ਨੇ ਸੰਘਰਸ਼ਾਂ ਅਤੇ ਜਿੱਤਣ ਲਈ ਨਵਾਂ ਰਸਤਾ ਵਿਖਾਇਆ ਹੈ । ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ ਨੂੰ ਧਨ ਦੌਲਤ ਲੁਟਾਉਣ ਵਾਲੀ ਮੋਦੀ ਸਰਕਾਰ ਨੂੰ ਲੋਕ ਸਭਾ ਚੋਣਾਂ ਦੌਰਾਨ ਹਰ ਹਾਲਤ ਹਰਾਇਆ ਜਾਵੇਗਾ । ਦੇਸ਼ ਭਗਤਾਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਕੀਤੀ ਜਾਵੇਗੀ ।

ਦੇਸ਼ ਦੇ ਵੱਡੇ ਰਾਜਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਕਾਮਰੇਡ ਸੁਰਜੀਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਦੇਸ਼ ਅੰਦਰ ਧਰਮ ਨਿਰਪੱਖ ਜਮਹੂਰੀਅਤ ਪਸੰਦ ਇਮਾਨਦਾਰ ਅਤੇ ਸਮਾਜਿਕ ਪਰਿਵਰਤਨ ਵਿੱਚ ਦ੍ਰਿੜ ਵਿਸ਼ਵਾਸ ਰੱਖਣ ਵਾਲੀ ਰਾਜਸੀ ਪਾਰਟੀ ਸੀਪੀਆਈ ( ਐਮ ) ਨੂੰ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ । ਉਹਨਾਂ ਵੱਲੋਂ ਪਾਰਟੀ ਉਮੀਦਵਾਰ ਮਾਸਟਰ ਪਰਸ਼ੋਤਮ ਬਿਲਗਾ ਨੂੰ ਲੋਕ ਸਭਾ ਹਲਕਾ ਜਲੰਧਰ ਤੋਂ ਵੱਡੇ ਬਹੁਮਤ ਨਾਲ ਜਿਤਾਉਣ ਲਈ ਵੋਟ ਪਾਉਣ ਦੀ ਅਪੀਲ ਕੀਤੀ ਗਈ। ਲੋਕ ਸਭਾ ਹਲਕਾ ਜਲੰਧਰ ਤੋਂ ਪਾਰਟੀ ਚੋਣ ਮੁਹਿੰਮ ਲਈ ਕਨਵੀਨਰ ਅਤੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ ਵੱਲੋਂ ਕਿਹਾ ਗਿਆ ਕਿ ਅੱਜ ਤੋਂ ਬਾਅਦ ਪਾਰਟੀ ਦੇ ਸੂਬਾਈ , ਜ਼ਿਲ੍ਹਾ ਤੇ ਤਹਿਸੀਲ ਆਗੂ ਹਰ ਵਿਧਾਨ ਸਭਾ ਹਲਕਾ ਅੰਦਰ ਚੋਣ ਮੁਹਿੰਮ ਲਾਮਬੰਦ ਕਰਨਗੇ । ਖੱਬੇ ਪੱਖੀ ਧਰਮ ਨਿਰਪੱਖ ਜਮਹੂਰੀਅਤ ਪਸੰਦ ਅਤੇ ਅਗਾਂਹ ਵਧੂ ਵਿਚਾਰਧਾਰਾ ਰੱਖਣ ਵਾਲੀਆਂ ਪਾਰਟੀਆਂ ਅਤੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ । ਮਾਸਟਰ ਪਰਸ਼ੋਤਮ ਬਿਲਗਾ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ। ਮੋਦੀ ਸਰਕਾਰ ਤੇ ਉਸ ਦੇ ਜੋਟੀਦਾਰਾਂ ਨੂੰ ਹਰਾਇਆ ਜਾਵੇਗਾ।

ਇਸ ਮੌਕੇ ਤੇ ਸੀਪੀਆਈ ( ਐਮ ) ਦੇ ਸੂਬਾ ਸਕੱਤਰੇਤ ਮੈਂਬਰਜ਼ ਕਾਮਰੇਡ ਭੂਪ ਚੰਦ ਚੰਨੋ , ਕਾਮਰੇਡ ਰੂਪ ਬਸੰਤ ਸਿੰਘ ਵੜੈਚ , ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ , ਕਾਮਰੇਡ ਗੁਰਨੇਕ ਸਿੰਘ ਭੱਜਲ , ਕਾਮਰੇਡ ਸੁੱਚਾ ਸਿੰਘ ਅਜਨਾਲਾ , ਜਲੰਧਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਮਾਸਟਰ ਪਰਸ਼ੋਤਮ ਬਿਲਗਾ ਵੱਲੋਂ ਵੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ । ਪੰਜਾਬ ਦੇ ਕੋਨੇ ਕੋਨੇ ਤੋਂ ਪਾਰਟੀ ਆਗੂ ਵਰਕਰ ਤੇ ਬੀਬੀਆਂ ਸਮਾਗਮ ਵਿਖੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਪਾਰਟੀ ਦੀਆਂ ਵੱਖ-ਵੱਖ ਇਕਾਈਆਂ ਵੱਲੋਂ ਮੌਕੇ ਤੇ ਚੋਣ ਫੰਡ ਵੀ ਜਮਾ ਕਰਵਾਇਆ ਗਿਆ । ਮਹਾਨ ਦੇਸ਼ ਭਗਤਾਂ ਦੇ ਪਿੰਡ ਬੰਡਾਲਾ ਮੰਜਕੀ ਦੀ ਸਾਬਕਾ ਸਰਪੰਚ ਬੀਬੀ ਬਲਬੀਰ ਕੌਰ ਬਾਂਸਲ ਵੱਲੋਂ ਇਕੱਠ ਵਿੱਚ ਹਾਜਰ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਗਿਆ।

By admin

Related Post

Leave a Reply

Your email address will not be published. Required fields are marked *