ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਇਸ ਵਾਰ ਚਰਨਜੀਤ ਸਿੰਘ ਚੰਨੀ ਹੋਣਗੇ? ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋਣ ਤੇ ਇਹ ਸੀਟ ਖਾਲੀ ਹੋ ਜਾਣ ਤੇ ਉਪ ਚੋਣ ਦੌਰਾਨ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਗਏ ਸਨ।
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇਸ਼ ਅੰਦਰ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਦਾ ਨਾਅਰਾ ਦੇ ਰਹੀ ਹੈ ਇਸ ਚੋਣ ਦੌਰਾਨ ਦੇਸ਼ ਅੰਦਰ ਇਕ ਇਕ ਸੀਟ ਤੇ ਭਾਜਪਾ ਨੂੰ ਫਸਵੀਂ ਟੱਕਰ ਦੇਣ ਦੇ ਰੌ ਵਿੱਚ ਹੋਣ ਕਰਕੇ ਪੰਜਾਬ ਵਿੱਚ ਹਰ ਸੀਟ ਤੋਂ ਵੱਡੇ ਕੱਦ ਦੇ ਲੀਡਰਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਐਲਾਨ ਕਰ ਚੁੱਕੀ ਹੈ। ਜਲੰਧਰ ਨੂੰ ਦਲਿਤਾਂ ਦਾ ਗੜ ਸਮਝਿਆ ਜਾਂਦਾ ਹੈ ਜਿਸ ਨੂੰ ਲੈ ਕੇ ਇਸ ਰਾਖਵੀਂ ਸੀਟ ਤੋਂ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈ ਕਮਾਂਡ ਵੱਲੋ ਇਸ਼ਾਰਾ ਹੋਇਆ ਲੱਗਦਾ ਹੈ ਜਿਸ ਕਰਕੇ ਉਹ ਹਲਕੇ ਅੰਦਰ 9 ਵਿਧਾਨ ਸਭਾ ਹਲਕਿਆਂ ਵਿੱਚ ਵਿਚਰ ਰਹੇ ਹਨ। ਪਿੰਡਾਂ ਦੇ ਸਰਪੰਚ ਉਹਨਾਂ ਨੂੰ ਮਿਲ ਰਹੇ ਹਨ ਭਾਰੀ ਸਮਰਥ ਮਿਲਣ ਦਾ ਹੁੰਗਾਰਾ ਮਿਲ ਰਿਹਾ ਹੈ।
ਚਰਨਜੀਤ ਸਿੰਘ ਚੰਨੀ ਵੱਲੋ ਵਾਰ ਵਾਰ ਡੇਰਿਆ ਵਿੱਚ ਜਾਣ ਨੂੰ ਲੈ ਕੇ ਲੱਗ ਰਿਹਾ ਕਿ ਉਹਨਾਂ ਨੇ ਚੋਣ ਸਰਗਰਮੀਆਂ ਆਰੰਭੀਆਂ ਹਨ। ਜਿਸ ਨੂੰ ਲੈ ਕੇ ਦੂਸਰੀਆਂ ਪਾਰਟੀਆਂ ਨੂੰ ਇਸ ਵਾਰ ਜਲੰਧਰ ਸੀਟ ਤੇ ਸਖ਼ਤ ਮੁਕਾਬਲਾ ਹੁੰਦਾ ਨਜ਼ਰ ਆ ਰਿਹਾ ਹੈ। ਹੁਣ ਤੱਕ ਆਮ ਆਦਮੀ ਪਾਰਟੀ ਨੇ ਪਹਿਲੀ ਉਮੀਦਵਾਰਾਂ ਦੀ ਜਾਰੀ ਕੀਤੀ ਲਿਸਟ ਵਿੱਚ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਜੋ ਹੁਣ ਭਾਜਪਾ ਵੱਲੋ ਜਾਰੀ ਉਮੀਦਵਾਰਾਂ ਦੀ ਲਿਸਟ ਚ ਜਲੰਧਰ ਤੋਂ ਉਮੀਦਵਾਰ ਹਨ।
ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਅੱਜ ਵੀ ਜਲੰਧਰ ਸੀਟ ਤੇ ਆਪਣਾ ਦਾਅਵਾ ਕਰ ਰਿਹਾ ਹੈ ਯਕੀਨ ਕਰ ਰਿਹਾ ਕਿ ਪਾਰਟੀ ਹਾਈਕਮਾਂਡ ਸਾਨੂੰ ਹੀ ਉਮੀਦਵਾਰ ਬਣਾਏਗੀ ਕਿਉਕਿ ਭਾਰਤ ਜੋੜੋ ਯਾਤਰਾ ਦੌਰਾਨ ਐਮ ਪੀ ਚੌਧਰੀ ਸੰਤੋਖ ਸਿੰਘ ਨੇ ਆਖਰੀ ਸਾਹ ਲਏ ਸਨ। ਪਾਰਟੀ ਨੇ ਉਪ ਚੋਣ ਦੌਰਾਨ ਚੌਧਰੀ ਸੰਤੋਖ ਸਿੰਘ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਉਮੀਦਵਾਰ ਬਣਾਇਆ ਸੀ। 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਚੌਧਰੀ ਵਿਕਰਮ ਸਿੰਘ ਦਾਅਵਾ ਕਰ ਰਹੇ ਹਨ ਕਿ ਪਾਰਟੀ ਇਸ ਵਾਰ ਵੀ ਚੌਧਰੀ ਨੂੰ ਟਿਕਟ ਅਨਾਉਸ ਕਰੇਗੀ। ਚਰਨਜੀਤ ਸਿੰਘ ਚੰਨੀ ਦੇ ਜਨਮ ਦਿਨ ਤੇ ਕੇਕ ਤੇ ਚੰਨੀ ਸਾਡਾ ਜਲੰਧਰ ਲਿਖੇ ਜਾਣ ਤੇ ਚੌਧਰੀ ਵਿਕਰਮ ਸਿੰਘ ਨੇ ਚੰਨੀ ਨੂੰ ਇਕ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਵਧਾਈ ਦਿੰਦਿਆ ਕਿਹਾ ਕਿ ਚੰਨੀ ਦਾ ਜਲੰਧਰ ਵਿੱਚ ਕੀ ਲੈਣਾ ਦੇਣਾ, ਲੋਕ ਉਹਨਾਂ ਨੂੰ ਸਵੀਕਾਰ ਨਹੀ ਕਰਨਗੇ। ਪਹਿਲਾ ਚੰਨੀ ਆਪਣੇ ਜੱਦੀ ਹਲਕੇ ਤੋਂ ਚੋਣ ਜਿੱਤਣ ਜਿਥੋ ਹਾਰ ਗਏ ਸਨ। ਵਿਕਰਮ ਸਿੰਘ ਦੇ ਮੁਤਾਬਿਕ ਉਹ ਨਹੀ ਚਾਹੁੰਦੇ ਕਿ ਚੰਨੀ ਜਲੰਧਰ ਤੋਂ ਚੋਣ ਲੜਨ।
ਸਾਬਕਾ ਐਮ ਪੀ ਮਹਿੰਦਰ ਸਿੰਘ ਕੇ.ਪੀ ਦੇ ਪਤਨੀ ਸਿਹਤ ਪੱਖੋ ਠੀਕ ਨਾ ਹੋਣ ਕਰਕੇ ਕੇ ਪੀ ਉਧਰ ਇਲਾਜ ਕਰਵਾਉਣ ਵਿੱਚ ਬਿਜੀ ਦਸੇ ਜਾ ਰਹੇ ਹਨ। ਉਹਨਾਂ ਨਾਲ ਚੰਨੀ ਦਾ ਰਾਬਤਾ ਹੋਣ ਦਾ ਸਮਾਚਾਰ ਮਿਲਿਆ ਹੈ ਜਦ ਕਿ ਵਿਕਰਮ ਸਿੰਘ ਨਾਲ ਚੰਨੀ ਨੇ ਅਜੇ ਮਿਲਣਾ ਹੈ ਪਤਾ ਲੱਗਿਆ ਹੈ। ਵਿਕਰਮ ਸਿੰਘ ਵੱਲੋ ਚੰਨੀ ਦੇ ਨਾਂ ਦੀ ਚਰਚਾ ਨੂੰ ਲੈ ਕੇ ਕੀਤੇ ਜਾ ਰਹੇ ਸਵਾਲ ਤੇ ਪਾਰਟੀ ਹਾਈ ਕਮਾਂਡ ਕੀ ਵਿਚਾਰ ਕਰਦੀ ਹੈ। ਆਉਣ ਵਾਲਾ ਸਮਾਂ ਦਸੇਗਾ। ਇਹ ਜਰੂਰ ਹੈ ਕਿ ਚੰਨੀ ਦਾ ਵਿਰੋਧ ਚੌਧਰੀ ਪਰਿਵਾਰ ਵੱਲੋ ਸ਼ੁਰੂ ਕਰ ਦਿੱਤਾ ਗਿਆ ਹੈ।