ਜਲੰਧਰ ਦਾ ਡੀ ਸੀ, ਰੋਪੜ ਰੇਂਜ ਦੇ ਏ. ਡੀ. ਜੀ. ਪੀ, ਬਾਰਡਰ ਰੇਂਜ ਦੇ ਡੀ. ਆਈ. ਜੀ
ਚੰਡੀਗੜ੍ਹ, 19 ਮਾਰਚ 2024- ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸੇ ਤਰ੍ਹਾਂ ਰੋਪੜ ਰੇਂਜ ਦੇ ਏ.ਡੀ.ਜੀ.ਪੀ. ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀ.ਆਈ.ਜੀ. ਨਰਿੰਦਰ ਭਾਰਗਵ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਰੋਪੜ ਰੇਂਜ ਦੇ ਏ.ਡੀ.ਜੀ.ਪੀ. ਜਸਕਰਨ ਸਿੰਘ ਅਤੇ ਡੀ.ਆਈ.ਜੀ. ਬਾਰਡਰ ਨਰਿੰਦਰ ਭਾਰਗਵ ਛੇ ਮਹੀਨਿਆਂ ਵਿਚ ਸੇਵਾਮੁਕਤ ਹੋਣ ਵਾਲੇ ਹਨ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਛੇ ਰਾਜਾਂ ਗੁਜਰਾਤ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਗ੍ਰਹਿ ਸਕੱਤਰਾਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ।
ਇਕ ਸ਼ਿਕਾਇਤ ਦੇ ਆਧਾਰ ‘ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਮੌਜੂਦਾ ਪੋਸਟਿੰਗ ਤੋਂ ਹਟਾ ਕੇ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ ਜੋ ਕਿ ਉਨ੍ਹਾਂ ਦਾ ਗ੍ਰਹਿ ਜ਼ਿਲ੍ਹਾ ਨਾ ਹੋਵੇ। ਨਾਲ ਹੀ ਇਹ ਲਿਖਿਆ ਗਿਆ ਹੈ ਕਿ ਇਹ ਤੈਅ ਕੀਤਾ ਜਾਵੇ ਕਿ ਉਨ੍ਹਾਂ ਨੂੰ ਜ਼ਿਲ੍ਹੇ ਤੋਂ ਬਾਹਰ ਕਿਤੇ ਲਗਾਇਆ ਜਾਵੇ ਜੋ ਕਿ ਜਲੰਧਰ ਲੋਕ ਸਭਾ ਹਲਕੇ ਵਿਚ ਨਾ ਹੋਵੇ। ਜਲੰਧਰ ਦਾ ਡੀਸੀ ਤਾਇਨਾਤ ਕਰਨ ਲਈ 3 ਅਧਿਕਾਰੀਆਂ ਦਾ ਪੈਨਲ ਸਰਕਾਰ ਤੋਂ ਮੰਗਿਆ ਗਿਆ ਹੈ।