ਸੀ-ਵਿਜਿਲ/ਈ.ਐਸ.ਐਮ.ਐਸ. ਐਪਲੀਕੇਸ਼ਨਾਂ ਚੋਣਾਂ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ’ਚ ਸਹਾਈ ਸਾਬਤ ਹੋਣਗੀਆਂ-ਜ਼ਿਲ੍ਹਾ ਚੋਣ ਅਫ਼ਸਰ
ਜਲੰਧਰ, 19 ਮਾਰਚ 2024-ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਅੱਜ ਸਮੂਹ ਸਹਾਇਕ ਰਿਟਰਨਿੰਗ ਅਫ਼ਸਰਾਂ, ਫਲਾਇੰਗ ਸਕੁਐਡ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਨੂੰ ਸੀ-ਵਿਜਿਲ, ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ (ਈ.ਐਸ.ਐਮ.ਐਸ.) ਸਬੰਧੀ ਵਿਸਥਾਰਪੂਰਵਕ ਸਿਖ਼ਲਾਈ ਪ੍ਰਦਾਨ ਕੀਤੀ ਗਈ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਖ਼ਲਾਈ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਸੀ-ਵਿਜਿਲ, ਈ.ਐਸ.ਐਮ.ਐਸ. ਐਪਲੀਕੇਸ਼ਨਾਂ ਚੋਣਾਂ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਬੇਹੱਦ ਸਹਾਈ ਸਾਬਤ ਹੋਣਗੀਆਂ।
ਸੀ-ਵਿਜਿਲ ਐਪ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਾਰੰਗਲ ਨੇ ਦੱਸਿਆ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਕੋਈ ਵੀ ਨਾਗਰਿਕ ਜੇਕਰ ਕਿਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ, ਸਬੰਧੀ ਇਸ ਐਪ ’ਤੇ ਫੋਟੋ ਜਾਂ ਵੀਡੀਓ ਰਾਹੀਂ ਸ਼ਿਕਾਇਤ ਦਰਜ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਐਪ ’ਤੇ ਸ਼ਿਕਾਇਤ ਦਰਜ ਹੁੰਦੀ ਹੈ, ਉਸ ਦਾ ਨਿਪਟਾਰਾ 100 ਮਿੰਟਾਂ ਵਿੱਚ ਕਰਨਾ ਹੁੰਦਾ ਹੈ।
ਉਨ੍ਹਾਂ ਸਬੰਧਤ ਟੀਮਾਂ ਨੂੰ ਐਪ ’ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵਿਕਸਿਤ ਇਹ ਐਪ ਆਦਰਸ਼ ਚੋਣ ਜ਼ਾਬਤੇ ਦੌਰਾਨ ਨਕਦੀ, ਸ਼ਰਾਬ, ਨਸ਼ੇ ਆਦਿ ਵੱਖ-ਵੱਖ ਵਸਤਾਂ ਦੀ ਜ਼ਬਤੀ ਸਬੰਧੀ ਫੀਲਡ ਵਿੱਚੋਂ ‘ਰੀਅਲ ਟਾਈਮ ਅਪਡੇਟ’ ਲਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਸਦਕਾ ਵੱਖ-ਵੱਖ ਇਨਫੋਰਸਮੈਂਟ ਏਜੰਸੀਆਂ ਵਿਚਕਾਰ ਤਾਲਮੇਲ ਹੋਰ ਬਿਹਤਰ ਬਣੇਗਾ।
ਉਨ੍ਹਾਂ ਕਿਹਾ ਕਿ ਇਸ ਸਿਖ਼ਲਾਈ ਦਾ ਉਦੇਸ਼ ਲੋਕ ਸਭਾ ਚੋਣਾਂ ਸਬੰਧੀ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਗਈ ਸਿਖ਼ਲਾਈ ਅਤੇ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਸਮੁੱਚੇ ਚੋਣ ਅਮਲ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਇਸ ਦੌਰਾਨ ਸਹਾਇਕ ਨੋਡਲ ਅਫ਼ਸਰ ਹਤਿੰਦਰ ਕੁਮਾਰ ਵੱਲੋਂ ਸੀ-ਵਿਜਿਲ ਅਤੇ ਨਿਸ਼ਚੈ ਬਹਿਲ ਵੱਲੋਂ ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ ਸਬੰਧੀ ਪੀ.ਪੀ.ਟੀ. ਰਾਹੀਂ ਵਿਸਥਾਰ ਪੂਰਵਕ ਸਿਖ਼ਲਾਈ ਪ੍ਰਦਾਨ ਕੀਤੀ ਗਈ।