ਜਲੰਧਰ, 18 ਮਾਰਚ 2024-ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੇ ਆਬਕਾਰੀ ਵਿਭਾਗ ਵੱਲੋਂ ਸਤਲੁਜ ਦਰਿਆ ਦੇ ਕੰਢੇ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਇਸ ਸਰਚ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਨਵਜੀਤ ਸਿੰਘ ਸਹਾਇਕ ਕਮਿਸ਼ਨਰ (ਆਬਕਾਰੀ) ਰੇਂਜ ਜਲੰਧਰ ਵੈਸਟ ਨੇ ਦੱਸਿਆ ਕਿ ਉਪ ਕਮਿਸ਼ਨਰ (ਆਬਕਾਰੀ) ਪਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਜਲੰਧਰ ਈਸਟ ਅਤੇ ਜਲੰਧਰ ਵੈਸਟ ਰੇਂਜ ਦੀਆਂ ਟੀਮਾਂ ਵੱਲੋਂ ਆਬਕਾਰੀ ਅਫਸਰ ਸ੍ਰੀ ਸੁਨੀਲ ਗੁਪਤਾ, ਸ੍ਰੀ ਸਰਵਣ ਸਿੰਘ ਢਿੱਲੋਂ, ਸ੍ਰੀ ਸਾਹਿਲ ਰੰਗਾ ਅਤੇ ਸ੍ਰੀ ਹਰਜਿੰਦਰ ਸਿੰਘ ਆਬਕਾਰੀ ਇੰਸਪੈਕਟਰਾਂ ਦੀ ਟੀਮ ਨੇ ਆਬਕਾਰੀ ਪੁਲਿਸ ਸਮੇਤ ਸਤਲੁਜ ਦਰਿਆ ਦੇ ਕੰਢੇ ਪੈਂਦੇ ਪਿੰਡਾਂ ਮੀਓਵਾਲ, ਭੋਲੇਵਾਲ, ਮਾਓ ਸਾਹਿਬ, ਭੋਡੇ, ਗਦਰਾ, ਸੰਗੋਵਾਲ, ਬੁਰਜ ਅਤੇ ਬੂਟੇ ਦੀਆਂ ਛੰਨਾਂ ਵਿਖੇ ਛਾਪੇਮਾਰੀ ਕੀਤੀ ਗਈ।

ਛਾਪੇਮਾਰੀ ਦੌਰਾਨ ਦੋ ਚਲਦੀਆਂ ਭੱਠੀਆਂ ਅਤੇ 22 ਪਲਾਸਟਿਕ ਦੀਆਂ ਤਰਪਾਲਾਂ ਪਕੜੀਆਂ ਗਈਆਂ, ਜਿਨ੍ਹਾਂ ਵਿਚ ਲਗਭਗ 11ਹਜ਼ਾਰ ਲੀਟਰ ਲਾਹਨ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਇਕ ਨਜਾਇਜ਼ ਸ਼ਰਾਬ ਦੀ ਟਿਊਬ ਜਿਸ ਵਿਚ ਲਗਭਗ 80 ਬੋਤਲਾਂ ਨਜਾਇਜ਼ ਸ਼ਰਾਬ ਪਕੜੀ ਗਈ ਅਤੇ 4 ਲੋਹੇ ਦੇ ਡਰੰਮ ਪਕੜੇ ਗਏ। ਛਾਪਾਮਾਰ ਟੀਮ ਵੱਲੋਂ ਉਕਤ ਪਕੜਿਆ ਗਿਆ ਸਮਾਨ ਮੌਕੇ ਉੱਪਰ ਹੀ ਨਸ਼ਟ ਕਰ ਦਿੱਤਾ।


