ਜਲੰਧਰ, 15 ਮਾਰਚ 2024-ਅਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਮੁੱਖ ਚੋਣ ਅਧਿਕਾਰੀ ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਲਈ ਉਲੀਕੀ ਗਈ ਤਿੰਨ ਦਿਨਾਂ ਸਿਖਲਾਈ ਦੇ ਦੂਜੇ ਦਿਨ ਅੱਜ ਡੀ.ਐਲ.ਐਮ.ਟੀਜ਼ ਨੂੰ ਆਦਰਸ਼ ਚੋਣ ਜ਼ਾਬਤਾ, ਵਲਨਰਬਿਲਟੀ ਮੈਪਿੰਗ, ਪੋਸਟਲ ਬੈਲਟ, ਆਈ.ਟੀ ਐਪਲੀਕੇਸ਼ਨਜ਼ ਸਮੇਤ ਚੋਣਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਟ੍ਰੇਨਿੰਗ ਦਿੱਤੀ ਗਈ।

ਇਥੇ ਰੈੱਡ ਕਰਾਸ ਭਵਨ ਵਿਖੇ ਸਿਖਲਾਈ ਦੇ ਪਹਿਲੇ ਸੈਸ਼ਨ ਦੌਰਾਨ ਸੂਬਾ ਪੱਧਰੀ ਮਾਸਟਰ ਟ੍ਰੇਨਰ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ ਨੇ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਨੂੰ ਆਦਰਸ਼ ਚੋਣ ਜ਼ਾਬਤੇ ਸਬੰਧੀ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਬੇਹੱਦ ਜ਼ਰੂਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਵਲਨਰਬਿਲਟੀ ਮੈਪਿੰਗ ਬਾਰੇ ਵੀ ਜਾਣੂ ਕਰਵਾਇਆ ਗਿਆ।
ਦੂਜੇ ਸੈਸ਼ਨ ਵਿੱਚ ਸੂਬਾ ਪੱਧਰੀ ਮਾਸਟਰ ਟ੍ਰੇਨਰ ਐਸ.ਡੀ.ਐਮ. ਬਟਾਲਾ ਸ਼ਾਇਰੀ ਮਲਹੋਤਰਾ ਵੱਲੋਂ ਪੋਸਟਲ ਬੈਲਟ, ਈ.ਟੀ.ਪੀ.ਬੀ.ਐਸ., ਕਾਊਂਟਿੰਗ ਐਪਲੀਕੇਸ਼ਨਜ਼ ਸਮੇਤ ਚੋਣਾਂ ਸਬੰਧੀ ਹੋਰ ਆਈ.ਟੀ. ਐਪਲੀਕੇਸ਼ਨਾਂ ਬਾਰੇ ਜਾਣਕਾਰੀ ਦਿੱਤੀ ਗਈ।
ਤੀਜੇ ਸੈਸ਼ਨ ਵਿੱਚ ਸੂਬਾ ਪੱਧਰੀ ਮਾਸਟਰ ਟ੍ਰੇਨਰ ਐਸ.ਡੀ.ਐਮ. ਕਾਦੀਆਂ ਅਸ਼ਵਨੀ ਅਰੋੜਾ ਨੇ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ-ਵੋਟਰ ਵੈਰੀਫਿਏਬਲ ਪੇਪਰ ਆਡਿਟ ਟਰੇਲ (ਈ.ਵੀ.ਐਮ-ਵੀ.ਵੀ.ਪੈਟ), ਗਿਣਤੀ ਅਤੇ ਨਤੀਜੇ ਦੇ ਐਲਾਨ ਸਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ।
ਜ਼ਿਕਰਯੋਗ ਹੈ ਕਿ ਇਸ ਤਿੰਨ ਦਿਨਾਂ ਸਿਖਲਾਈ ਵਿੱਚ ਜਲੰਧਰ ਡਵੀਜ਼ਨ ਵਿੱਚ ਪੈਂਦੇ ਜਲੰਧਰ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਨਾਲ ਸਬੰਧਤ ਮਾਸਟਰ ਟ੍ਰੇਨਰਾਂ ਵੱਲੋਂ ਭਾਗ ਲਿਆ ਜਾ ਰਿਹਾ ਹੈ।
ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।