ਲੋਕ ਸਭਾ ਚੋਣਾਂ ਦਾ ਐਲਾਨ ਜਲਦ ਹੋਣ ਜਾ ਰਿਹਾ ਹੈ। ਜਿਸ ਨੂੰ ਲੈ ਕੇ ਪੰਜਾਬ ਵਿੱਚ ਇਸ ਸਮੇਂ ਸਭ ਤੋਂ ਵੱਧ ਚਰਚਿੱਤ ਸੀਟ ਦੀ ਗੱਲ ਕੀਤੀ ਜਾਵੇ ਤਾਂ ਇਹ ਹੈ ਜਲੰਧਰ ਦੀ ਰਿਜ਼ਰਵ ਸੀਟ। ਸ਼ੋਸ਼ਲ ਮੀਡੀਏ ਤੇ ਲਗਾਤਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੇ ਨਾਂ ਦੀ ਚਰਚਾ ਚੱਲ ਰਹੀ ਹੈ ਕਿ ਉਹ ਇੱਥੋ ਉਮੀਦਵਾਰ ਹੋਣਗੇ। ਕਾਂਗਰਸ ਪਿਛਲੇ ਸਮੇਂ ਵਿੱਚ ਉਮੀਦਵਾਰਾਂ ਦੇ ਨਾਮ ਬੜਾ ਪੱਛੜ ਕੇ ਦਿੰਦੀ ਰਹੀ ਹੈ। ਪਰ ਇਸ ਵਾਰ ਲੱਗ ਰਿਹਾ ਹੈ ਕਿ ਜਲਦ ਨਾਮ ਐਲਾਨੇ ਜਾ ਸਕਦੇ ਹਨ। ਪਹਿਲਾਂ ਦੇ ਮੁਕਾਬਲੇ ਹਰ ਸੀਟ ਤੋਂ ਸਿਰਫ ਇਕ ਨਾਂ ਹਾਈਕਮਾਂਡ ਨੂੰ ਭੇਜੇ ਜਾਂ ਰਹੇ ਹਨ। ਜਦੋ ਕਿ ਪਹਿਲਾਂ ਅਜਿਹਾ ਨਹੀ ਸੀ।
ਦੇਸ਼ ਵਿਚ ਭਾਜਪਾ ਤੀਸਰੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਜਦੋਂ ਕਿ ਕਾਂਗਰਸ ਦਾ ਮੰਨਣਾ ਹੈ ਕਿ ਇਸ ਵਾਰ ਨਹੀ ਤਾਂ ਫਿਰ ਕਦੇ ਵੀ ਨਹੀ। ਇਕ ਇਕ ਸੀਟ ਤੇ ਦੋਵੇ ਪਾਰਟੀਆਂ ਬਹੁਤ ਬਰੀਕੀ ਨਾਲ ਚੋਣ ਲੜ ਰਹੀਆਂ ਹਨ। ਇਸ ਵਾਰ ਪੰਜਾਬ ਵਿੱਚ ਪਾਰਟੀ ਵੱਡੇ ਕੱਦ ਦੇ ਲੀਡਰਾਂ ਨੂੰ ਚੋਣ ਲੜਨ ਲਈ ਉਤਾਰ ਰਹੀ ਹੈ। ਜਲੰਧਰ ਉਪ ਚੋਣ ਸਮੇਂ ਵੀ ਚੰਨੀ ਦੇ ਨਾਂ ਦੀ ਚਰਚਾ ਚੱਲ ਪਈ ਸੀ ਪਰ ਚੌਧਰੀ ਸੰਤੋਖ ਸਿੰਘ ਦੀ ਮੌਤ ਹੋਣ ਕਰਕੇ ਪਾਰਟੀ ਨੇ ਪਰਿਵਾਰ ਨੂੰ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਸੀ। ਚੌਧਰੀ ਪਰਿਵਾਰ ਇਹ ਚੋਣ ਹਾਰ ਗਿਆ ਸੀ। ਲਗਾਤਾਰ ਕਾਂਗਰਸ ਇੱਥੋ ਜਿੱਤਦੀ ਰਹੀ ਹੈ ਮੁੜ ਇਸ ਸੀਟ ਨੂੰ ਹਾਰਨ ਲਈ ਤਿਆਰ ਨਹੀ। “ਆਪ” ਦੀ ਸਰਕਾਰ ਹੋਣ ਕਰਕੇ ਉਪ ਚੋਣ ਜਿੱਤਣ ਵਿੱਚ ਕਾਮਯਾਬ ਰਹੀ ਹੈ।
ਚੌਧਰੀ ਪਰਿਵਾਰ ਮੁੜ ਚੋਣ ਲੜਨ ਲਈ ਦਾਅਵਾ ਕਰ ਰਿਹਾ ਹੈ। ਮਹਿੰਦਰ ਸਿੰਘ ਕੇ ਪੀ ਵੀ ਇੱਥੋ ਸੰਸਦ ਰਹਿ ਚੁੱਕੇ ਹਨ। ਅਗਰ ਕਾਂਗਰਸ ਚਾਹੇਗੀ ਕਿ ਚੰਨੀ ਨੂੰ ਉਮੀਦਵਾਰ ਬਣਾਇਆ ਜਾਵੇ ਤਾਂ ਚੌਧਰੀ ਪਰਿਵਾਰ ਅਤੇ ਮਹਿੰਦਰ ਸਿੰਘ ਕੇ ਪੀ ਨੂੰ ਇਸ ਲਈ ਸਹਿਮਤ ਕਰਨਾ ਪਵੇਗਾ। ਹਾਂ ਇਹ ਜਰੂਰ ਹੈ ਕਿ ਅਗਰ ਚੰਨੀ ਇੱਥੋ ਚੋਣ ਲੜਦੇ ਹਨ ਤਾਂ ਮੁਕਾਬਲਾ ਬੜਾ ਰੌਚਕ ਹੋਵੇਗਾ। ਚਰਨਜੀਤ ਸਿੰਘ ਚੰਨੀ ਅਕਸਰ ਸੱਚਖੰਡ ਬੱਲਾਂ, ਨੂਰਮਹਿਲ ‘ਚ ਸਥਿਤ ਡੇਰੇ ਤੇ ਆਉਂਦੇ ਜਾਂਦੇ ਰਹਿੰਦੇ ਹਨ। ਦਲਿਤ ਭਾਈਚਾਰੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ। ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਚਰਨਜੀਤ ਸਿੰਘ ਚੰਨੀ ਹੀ ਸਖਤ ਟੱਕਰ ਦੇ ਸਕਦੇ ਹਨ।