ਹੜ੍ਹ ਰੋਕੂ ਕਮੇਟੀ ਨੇ ਸਤਲੁਜ ਦਰਿਆ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਪਾਰਲੀਮੈਂਟ ਮੈਂਬਰਾਂ ਅੱਗੇ ਰੱਖੀ
ਗਿੱਦੜਪਿੰਡੀ ਤੋਂ ਫਿਲੌਰ ਤੱਕ ਪੱਕੀ ਸੜਕ ਬਣਾਉਣ ਤੇ ਆਵੇਗਾ 118 ਕਰੋੜ ਖਰਚ- ਸੰਤ ਸੀਚੇਵਾਲ
ਧੁੱਸੀ ਬੰਨ੍ਹ ਤੇ ਚੱਲ ਰਹੇ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਦੀ ਸਮਾਪਤੀ
ਹੜ੍ਹਾਂ ਦੌਰਾਨ ਬਚਾਅ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ 550 ਲੋਕਾਂ ਨੂੰ ਕੀਤਾ ਗਿਆ ਸਨਮਾਨਿਤ
ਜਲੰਧਰ, 11 ਮਾਰਚ 2024-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਲੋਕ ਸਭਾ ਮੈਂਬਰ ਸ਼ੁਸ਼ੀਲ ਕੁਮਾਰ ਰਿੰਕੂ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਇਹ ਬੜੀਆਂ ਹੀ ਸਪੱਸ਼ਟ ਹਿਦਾਇਤਾਂ ਨੇ ਕਿ ਦਰਿਆਵਾਂ ਦੇ ਅੰਦਰ ਅਤੇ ਧੁੱਸੀ ਬੰਨ੍ਹ ’ਤੇ ਕਿਸੇ ਵੀ ਤਰ੍ਹਾਂ ਦੇ ਨਜ਼ਾਇਜ਼ ਕਬਜ਼ਿਆਂ ਨੂੰ ਸਹਿਣ ਨਹੀ ਕੀਤਾ ਜਾਵੇਗਾ।

ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਨੇ ਅੱਜ ਸੰਸਦਾਂ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸ਼ੁਸ਼ੀਲ ਰਿੰਕੂ ਅੱਗੇ ਮੰਗ ਰੱਖੀ ਕਿ ਸਤਲੁਜ ਦਰਿਆ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਅਤੇ ਧੁੱਸੀ ਬੰਨ੍ਹ ਉਪਰ ਗਿੱਦੜਪਿੰਡੀ ਤੋਂ ਲੈ ਕੇ ਫਿਲੌਰ ਤੱਕ ਪੱਕੀ ਸੜਕ ਬਣਾਈ ਜਾਵੇ।

ਇਲਾਕੇ ਦੇ ਲੋਕਾਂ ਨੇ ਇਸ ਮੰਗ ਨੂੰ ਬਾਖੂਬੀ ਉਭਾਰਿਆ ਕਿ ਦਰਿਆ ਅੰਦਰ ਹੋਏ ਨਜ਼ਾਇਜ਼ ਕਬਜ਼ਿਆਂ ਨੂੰ ਉਸੇ ਤਰਜ਼ ਤੇ ਹਟਾਇਆ ਜਾਵੇ ਜਿਵੇਂ ਪੰਚਾਇਤੀ ਵਿਭਾਗ ਨਜ਼ਾਇਜ਼ ਕਬਜ਼ਿਆਂ ਨੂੰ ਹਟਾ ਰਿਹਾ ਹੈ।
ਪਿੰਡ ਗੱਟਾ ਮੁੰਡੀ ਕਾਸੂ ਧੁੱਸੀ ਬੰਨ੍ਹ ਤੇ ਚੱਲ ਰਹੀ ਸ੍ਰੀ ਆਖੰਡ ਪਾਠ ਸਾਹਿਬਾਂ ਦੀ ਲੜੀ ਅੱਜ ਅਕਾਲ ਪੁਰਖ ਦੇ ਸ਼ੁਕਰਾਨੇ ਨਾਲ ਸਮਾਪਤ ਹੋ ਗਈ ਹੈ। ਇਸ ਲੜੀ ਤਹਿਤ 8 ਪਾਠਾਂ ਦੇ ਭੋਗ ਪਾਏ ਗਏ। ਇਸੇ ਦੌਰਾਨ ਹੜ੍ਹਾਂ ਵਿੱਚ ਮਦਦ ਕਰਨ ਤੇ 550 ਦੇ ਕਰੀਬ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗਿੱਦੜਪਿੰਡੀ ਤੋਂ ਫਿਲੌਰ ਤੱਕ ਧੁੱਸੀ ਬੰਨ੍ਹ ਲਗਭਗ 80 ਕਿਲੋਮੀਟਰ ਦੇ ਕਰੀਬ ਹੈ। ਇਹ ਸੜਕ ਬਣਾਉਣ ਲਈ ਕਰੀਬ 118 ਕੋਰੜ ਰੁਪੈ ਖਰਚ ਆਉਣ ਦਾ ਅਨੁਮਾਨ ਲਗਾਇਆ ਗਿਆ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਉਹ ਇਹ ਸੜਕ ਬਣਾਉਣ ਲਈ ਸੰਜੀਦੀਗੀ ਨਾਲ ਲੱਗੇ ਹੋਏ ਹਨ।
ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ਼ੁਸ਼ੀਲ ਰਿੰਕੂ ਨੇ ਕਿਹਾ ਕਿ ਦਰਿਆ ਦੇ ਅੰਦਰਲੇ ਨਜ਼ਾਇਜ਼ ਕਬਜ਼ਿਆਂ ਨੂੰ ਕਿਸੇ ਵੀ ਹੱਦ ਤੱਕ ਸਹਿਣ ਨਹੀ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਜਿਹੜੇ ਨਜ਼ਾਇਜ਼ ਕਬਜ਼ਾ ਧਾਰੀ ਹਨ ਉਹਨਾਂ ਦੇ ਕਾਰਨ ਦਰਿਆ ਦੇ ਬਾਹਰ ਬੈਠੇ ਹਜ਼ਾਰਾਂ ਕਿਸਾਨਾਂ ਦੀਆਂ ਜਿੱਥੇ ਫਸਲਾਂ ਬਰਬਾਦ ਹੁੰਦੀਆਂ ਹਨ ਉੱਥੇ ਹੀ ਉਹਨਾਂ ਦੀ ਜਾਨ ਵੀ ਖਤਰੇ ਵਿੱਚ ਪੈ ਜਾਂਦੀ ਹੈ। ਉਹਨਾਂ ਸਮਾਗਮ ਵਿੱਚ ਹਾਜ਼ਰ ਸ਼ਾਹਕੋਟ ਦੇ ਐਸ.ਡੀ.ਐਮ. ਨੂੰ ਕਿਹਾ ਕਿ ਉਹ ਨਜ਼ਾਇਜ਼ ਕਬਜ਼ਿਆਂ ਹਟਾਉਣ ਨੂੰ ਤਰਜੀਹ ਦੇਣ।