ਚੰਡੀਗੜ੍ਹ 11 ਮਾਰਚ 2024- ਅੱਜ ਪੰਜਾਬ ਦੀਆਂ ਵੱਖ ਵੱਖ ਦਲਿਤ ਜਥੇਬੰਦੀਆਂ ਦੇ ਅਧਾਰਿਤ ਐਸ ਸੀ ਸਮਾਜ ਦਾ ਮਾਨ ਸਨਮਾਨ ਬਹਾਲ ਕਰਾਓ ਐਕਸ਼ਨ ਕਮੇਟੀ ਵੱਲੋਂ 4 ਮਾਰਚ ਨੂੰ ਵਿਧਾਨ ਸਭਾ ਅੰਦਰ ਦਲਿਤਾਂ ਦਾ ਉਪ ਮੁੱਖ ਮੰਤਰੀ ਨਾ ਬਣਾਉਣ ਦਾ ਸਵਾਲ ਪੁੱਛਣ ਵਾਲਾ ਦਲਿਤ ਸਮਾਜ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੂੰ ਮੁੱਖ ਮੰਤਰੀ ਵੱਲੋਂ ਇਹ ਕਹਿਕੇ ਕਿ ਇਸ ਨੂੰ ਦੌਰਾ ਪੈ ਗਿਆ ਹੈ ਇਸ ਨੂੰ ਜੁੱਤੀ ਸੰਗਾਓ ਦੇ ਬੋਲੇ ਅਪਮਾਨਜਨਕ ਸ਼ਬਦਾਂ ਨਾਲ ਸਮੁੱਚੇ ਦਲਿਤ ਸਮਾਜ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ।
ਵਿਧਾਨ ਸਭਾ ਵਿਚ ਦਲਿਤ ਸਮਾਜ ਦੇ ਕੀਤੇ ਅਪਮਾਨ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਐਸ, ਸੀ/ ਐਸ ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਲਈ ਦਲਿਤ ਆਗੂਆਂ ਨੇ 17 ਸੈਕਟਰ ਦੇ ਪ੍ਰੇਡ ਗਰਾਉਂਡ ਕੋਲ ਇਕੱਠੇ ਹੋਕੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਜਿਸ ਨੂੰ ਪ੍ਰਾਪਤ ਕਰਨ ਲਈ ਤਹਿਸੀਲਦਾਰ ਲੈਕੇ ਗਏ। ਇਸ ਮੌਕੇ ਦਲਿਤ ਆਗੂਆਂ ਐਲਾਨ ਕੀਤਾ 17 ਮਾਰਚ ਨੂੰ ਪੰਜਾਬ ਦੇ ਦਲਿਤ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਅਤੇ ਦਲਿਤ ਸਮਾਜ ਭਗਵੰਤ ਮਾਨ ਤੇ ਐਸ ਸੀ/ ਐਸ ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਤੱਕ ਸੰਘਰਸ਼ ਜਾਰੀ ਰੱਖੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਅੰਬੇਡਕਰ ਮਜ਼ਦੂਰ ਏਕਤਾ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਬੌਬੀ , ਸਿਮਰਨ ਕੌਰ ਬਹੁਜਨ ਮੁਕਤੀ ਪਾਰਟੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਇਸਾਪੁਰ, ਭੀਮ ਐਕਸ਼ਨ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਨਿਤਿਸ਼ ਭੀਮ, ਐਕਸ਼ਨ ਕਮੇਟੀ ਫਿਰੋਜ਼ਪੁਰ ਦੇ ਆਗੂ ਸਾਮਲਾਲ ਭੰਗੀ, ਭੀਮ ਰਿਪਬਲਿਕ ਸੈਨਾ ਦੇ ਮੁਖੀ ਮੋਹਨਸਭਰਵਾਲ ਟਾਂਡਾ, ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਵਿਚ ਦਲਿਤ ਸਮਾਜ ਦਾ ਅਪਮਾਨ ਕਰਨ ਦੀ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਹਰ ਮੁੱਦੇ ਤੇ ਸਰਕਾਰ ਨੂੰ ਘੇਰਨ ਵਾਲੀਆਂ ਸਿਆਸੀ ਪਾਰਟੀਆਂ ਦਲਿਤ ਸਮਾਜ ਦੇ ਅਪਮਾਨ ਤੇ ਚੁੱਪ ਹਨ। ਉਨ੍ਹਾਂ ਕਿਹਾ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਨੇ ਸਿਰਫ਼ ਵਿਧਾਇਕ ਕੋਟਲੀ ਦਾ ਹੀ ਨਹੀਂ ਸਗੋਂ ਸਮੁੱਚੇ ਦਲਿਤ ਸਮਾਜ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਹੈ ਹਰ ਸਮੇਂ ਦਲਿਤ, ਦਲਿਤ ਦਾ ਨਾਹਰਾ ਮਾਰਨ ਵਾਲੀ ਬਸਪਾ ਨੇ ਵੀ ਦਲਿਤਾਂ ਦੇ ਅਪਮਾਨ ਆਪਣੀ ਜਵਾਨ ਨਹੀਂ ਖੋਲੀ। ਦਲਿਤ ਆਗੂਆਂ ਨੇ ਪੰਜਾਬ ਦੇ ਸਮੁੱਚੇ ਦਲਿਤ ਸਮਾਜ ਦੀ ਜਥੇਬੰਦੀਆਂ ਨੂੰ 17 ਮਾਰਚ ਨੂੰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਅੱਗੇ ਪਹੁੰਚਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਮਜ਼ਦੂਰ ਆਗੂ ਮੱਖਣ ਸਿੰਘ ਰਾਮਗੜ੍ਹ, ਅਮਰੀਕ ਸਿੰਘ ਲੁਧਿਆਣਾ, ਲਖਵੀਰ ਸਿੰਘ ਬਡਲਾ, ਹਰਨੇਕ ਸਿੰਘ, ਨਾਜ਼ਮ ਸਿੰਘ ਆਦਿ ਸਮੇਤ ਹੋਰ ਵੀ ਵੱਡੀ ਗਿਣਤੀ ਆਗੂ ਸ਼ਾਮਲ ਸਨ।