ਨੋਡਲ ਅਫ਼ਸਰਾਂ ਨੇ ਪੋਸਟਲ ਬੈਲਟ, ਵੀ.ਵੀ.ਪੈਟਸ, ਆਦਰਸ਼ ਚੋਣ ਜ਼ਾਬਤਾ, ਈ.ਆਰ.ਓ. ਨੈਟ, ਐਮ.ਸੀ.ਐਮ.ਸੀ. ਬਾਰੇ ਕੀਤੀ ਵਿਸਥਾਰਪੂਵਰਕ ਟ੍ਰੇਨਿੰਗ ਹਾਸਲ
ਜਲੰਧਰ, 11 ਮਾਰਚ 2024-ਆਗਾਮੀ ਲੋਕ ਸਭਾ ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਅਤੇ ਵਿਧਾਨ ਸਭਾ ਪੱਧਰੀ ਮਾਸਟਰ ਟ੍ਰੇਨਰਾਂ ਨੂੰ ਚੋਣਾਂ ਨਾਲ ਸਬੰਧਤ ਵੱਖ-ਵੱਖ ਕੰਮਾਂ ਦੀ ਟ੍ਰੇਨਿੰਗ ਦੇਣ ਕਰਨ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ ਗਿਆ।
ਸਿਖਲਾਈ ਸੈਸ਼ਨ ਦੌਰਾਨ ਸੂਬਾ ਪੱਧਰੀ ਮਾਸਟਰ ਟ੍ਰੇਨਰਾਂ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਅਮਿਤ ਮਹਾਜਨ ਅਤੇ ਐਸ.ਡੀ.ਐਮ. ਬਲਬੀਰ ਰਾਜ ਸਿੰਘ ਵੱਲੋਂ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਅਤੇ ਵਿਧਾਨ ਸਭਾ ਹਲਕਾ ਪੱਧਰੀ ਮਾਸਟਰ ਟ੍ਰੇਨਰਾਂ ਨੂੰ ਸਿਖ਼ਲਾਈ ਪ੍ਰਦਾਨ ਕੀਤੀ ਗਈ। ਉਨ੍ਹਾਂ ਵੱਲੋਂ ਪੋਸਟਲ ਬੈਲਟ, ਈ.ਟੀ.ਪੀ.ਬੀ.ਐਸ., ਈ.ਵੀ.ਐਮ., ਵੀ.ਵੀ.ਪੈਟ, ਗਿਣਤੀ ਅਤੇ ਨਤੀਜਿਆਂ ਦਾ ਐਲਾਨ, ਆਦਰਸ਼ ਚੋਣ ਜ਼ਾਬਤਾ, ਈ.ਈ.ਐਮ., ਮੀਡੀਆ ਸ਼ਿਕਾਇਤਾਂ, ਐਮ.ਸੀ.ਐਮ.ਸੀ., ਪੇਡ ਨਿਊਜ਼, ਵਲਨਰਬਿਲਟੀ ਮੈਪਿੰਗ, ਈ-ਰੋਲ, ਈ.ਆਰ.ਓ.ਨੈਟ, ਸਵੀਪ, ਆਈ.ਟੀ.ਐਪਲੀਕੇਸ਼ਨਜ਼, ਡੀ.ਈ.ਐਮ.ਪੀ., ਪੋਲਿੰਗ ਪਾਰਟੀਆਂ ਅਤੇ ਵੋਟਿੰਗ ਵਾਲੇ ਦਿਨ ਦੇ ਪ੍ਰਬੰਧਾਂ ਸਮੇਤ ਵੱਖ-ਵੱਖ ਚੋਣ ਕਾਰਜਾਂ ਬਾਰੇ ਵਿਸਥਾਰਪੂਰਵਰ ਜਾਣਕਾਰੀ ਪ੍ਰਦਾਨ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ ਕਿਹਾ ਕਿ ਸਿਖ਼ਲਾਈ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਅਧਿਕਾਰੀਆਂ ਨੂੰ ਲੋਕਤੰਤਰੀ ਢਾਂਚੇ ਵਿੱਚ ਨਵੀਨਤਮ ਤਕਨੀਕੀ ਪ੍ਰਗਤੀ ਤੋਂ ਜਾਣੂ ਕਰਵਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ ਜਾਵੇ। ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।