ਫਿਲੌਰ, 6 ਮਾਰਚ 2024- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਨੇ ਫਿਲੌਰ ਪੁਲੀਸ ਦੀਆਂ ਲੋਕ ਵਿਰੋਧੀ ਕਾਰਗੁਜ਼ਾਰੀਆਂ ਕਾਰਨ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ।
ਅੱਜ ਇਥੇ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਰ ‘ਚ ਵੱਖ-ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਗਈ, ਜਿਸ ‘ਚ ਪੁਲਿਸ ਦੀਆਂ ਕਾਰਗੁਜ਼ਾਰੀਆਂ ‘ਤੇ ਚਰਚਾ ਕੀਤੀ ਗਈ।
ਮੀਟਿੰਗ ਉਪਰੰਤ ਆਗੂਆਂ ਨੇ ਦੱਸਿਆ ਕਿ ਇਲਾਕੇ ਦੇ ਅਨੇਕਾਂ ਅਜਿਹੇ ਮਸਲੇ ਹਨ, ਜਿਸ ਲਈ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਕਰਨ ਦੇ ਬਾਵਜੂਦ ਮਸਲੇ ਲੰਬਿਤ ਪਏ ਹਨ।
ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਨੇ ਦੱਸਿਆ ਕਿ ਉਹ ਕੁੱਝ ਦਿਨ ਪਹਿਲਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਸਨ ਪਰ ਘੱਟ ਨਫ਼ਰੀ ਦਾ ਬਹਾਨਾ ਬਣਾ ਕੇ ਪੁਲਿਸ ਨੇ ਪੱਲਾ ਝਾੜ ਦਿੱਤਾ। ਆਗੂਆਂ ਨੇ ਕਿਹਾ ਕਿ ਇਲਾਕੇ ‘ਚ ਲੁੱਟਾਂ ਖੋਹਾਂ, ਨਸ਼ੇ ਆਦਿ ਦਾ ਪੂਰੀ ਤਰਾਂ ਬੋਲ ਬਾਲਾ ਹੈ। ਇਸ ਤੋਂ ਬਿਨ੍ਹਾਂ ਪੁਲਿਸ ਵਲੋਂ ਸਮਾਜਿਕ ਮਸਲਿਆਂ ਸਬੰਧੀ ਕੀਤੀਆਂ ਸ਼ਿਕਾਇਤਾਂ ‘ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਿਸ ਸਿਰਫ ਸ਼ਿਕਾਇਤ ਦਾ ਨੰਬਰ ਲਾਉਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।
ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਅੱਠ ਮਸਲੇ ਪੁਲਿਸ ਦੇ ਧਿਆਨ ‘ਚ ਲਿਆਂਦੇ ਜਾ ਚੁੱਕੇ ਹਨ। ਇਨ੍ਹਾਂ ਮਸਲਿਆਂ ਦਾ ਹੱਲ ਜੇਕਰ ਇੱਕ ਹਫ਼ਤੇ ਦੇ ਅੰਦਰ ਨਾ ਕੀਤਾ ਤਾਂ 19 ਮਾਰਚ ਨੂੰ ਪੁਲਿਸ ਖ਼ਿਲਾਫ਼ ਧਰਨਾ ਦਿੱਤਾ ਜਾਵੇਗਾ ਤਾਂ ਜੋ ਸਰਕਾਰ ਦੇ ਕੰਨਾਂ ਤੱਕ ਫਿਲੌਰ ਪੁਲਿਸ ਦੀ ਕਾਰਗੁਜ਼ਾਰੀ ਪੁਹੰਚਾਈ ਜਾ ਸਕੇ।
ਇਸ ਮੌਕੇ ਮੇਜਰ ਫਿਲੌਰ, ਤਰਜਿੰਦਰ ਧਾਲੀਵਾਲ, ਸਰਬਜੀਤ ਸੰਗੋਵਾਲ, ਕੁਲਜੀਤ ਫਿਲੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ ਆਦਿ ਹਾਜ਼ਰ ਸਨ।