ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ’ਚ ਬੈਂਕਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ
ਦਸੰਬਰ ’ਚ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚੇ ਤੇ ਨਤੀਜਿਆਂ ਦੀ ਕੀਤੀ ਸਮੀਖਿਆ
ਜਲੰਧਰ, 6 ਮਾਰਚ 2024-ਜ਼ਿਲ੍ਹਾ ਸਲਾਹਕਾਰ ਕਮੇਟੀ/ਜ਼ਿਲ੍ਹਾ ਪੱਧਰੀ ਸਮੀਖਿਆ ਕਮੇਟੀ ਦੀ ਮੀਟਿੰਗ ਦੌਰਾਨ ਸਲਾਨਾ ਕਰਜ਼ਾ ਯੋਜਨਾ 2023-24 ਦੀ 31 ਦਸੰਬਰ 2023 ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚੇ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ।
ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲਖਵਿੰਦਰ ਸਿੰਘ ਰੰਧਾਵਾ ਨੇ ਮੀਟਿੰਗ ਦੌਰਾਨ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਨੂੰ ਸਵੈ ਰੋਜ਼ਗਾਰ ਲਈ ਵੱਧ ਤੋਂ ਵੱਧ ਨੌਜਵਾਨਾਂ ਖਾਸ ਕਰ ਗਰੀਬ ਤੇ ਕਮਜ਼ੋਰ ਵਰਗ ਨਾਲ ਸਬੰਧਤ ਬਿਨੈਕਾਰਾਂ ਨੂੰ ਖੁੱਲਦਿਲੀ ਨਾਲ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨ ਦੀ ਹਦਾਇਤ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰੀ ਸਪਾਂਸਰਡ ਸਕੀਮਾਂ ਨੂੰ ਤਰਜੀਹ ਦੇਣ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਇਨ੍ਹਾਂ ਦਾ ਲਾਭ ਦਿੱਤਾ ਜਾ ਸਕੇ। ਉਨ੍ਹਾਂ ਬੈਂਕਾਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ ਪਹਿਲ ਦੇ ਆਧਾਰ ’ਤੇ ਕਰਜ਼ੇ ਦੇਣ ਦੇ ਨਿਰਦੇਸ਼ ਵੀ ਦਿੱਤੇ।
ਜ਼ਿਲ੍ਹੇ ਵਿੱਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖ਼ਾ ਮੀਟਿੰਗ ਦੇ ਕਨਵੀਨਰ ਪ੍ਰਮੁੱਖ ਜ਼ਿਲ੍ਹਾ ਪ੍ਰਬੰਧਕ ਐੱਮ. ਐੱਸ. ਮੋਤੀ ਨੇ ਕਮੇਟੀ ਦੇ ਸਨਮੁੱਖ ਰੱਖਦਿਆਂ ਦੱਸਿਆ ਕਿ ਬੈਂਕਾਂ ਵੱਲੋਂ ਦਸੰਬਰ ਤਿਮਾਹੀ ਲਈ ਮਿਥੇ ਗਏ ਤਰਜੀਹੀ ਖੇਤਰ ਦੇ 5020 ਕਰੋੜ ਰੁਪਏ ਦੇ ਕਰਜ਼ੇ ਦੇ ਟੀਚੇ ਦੇ ਸਾਹਮਣੇ 10123 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ, ਜੋ ਕਿ ਤਿਮਾਹੀ ਟੀਚੇ ਦਾ 208 ਫੀਸਦੀ ਹੈ। ਖੇਤੀਬਾੜੀ ਖੇਤਰ ਲਈ ਕਰਜ਼ੇ ਦੇ 1903 ਕਰੋੜ ਰੁਪਏ ਦੇ ਟੀਚੇ ਦੇ ਸਾਹਮਣੇ 2318 ਕਰੋੜ ਰੁਪਏ ਦੇ ਕੁੱਲ ਕਰਜ਼ੇ ਮਨਜ਼ੂਰ ਕੀਤੇ ਗਏ, ਜੋ ਕਿ ਤਿਮਾਹੀ ਦੇ ਕੁੱਲ ਟੀਚੇ ਦੀ 122 ਫੀਸਦੀ ਪ੍ਰਾਪਤੀ ਹੈ। ਦਸੰਬਰ ਤਿਮਾਹੀ ਦੇ ਅੰਤ ਤੱਕ ਕੁੱਲ ਕਰਜ਼ੇ 30482 ਕਰੋੜ ਰੁਪਏ ਦੇ ਵੰਡੇ ਗਏ, ਜੋ ਕਿ ਸਤੰਬਰ 2023 ਤੱਕ 27128 ਕਰੋੜ ਰੁਪਏ ਸਨ ਅਤੇ ਇਸ ਵਿੱਚ 12.3 ਫੀਸਦੀ ਦਾ ਇਜ਼ਾਫ਼ਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਇਸ ਤਿਮਾਹੀ ਵਿੱਚ ਸੀ ਡੀ ਰੇਸ਼ੋ 33.53 ਰਹੀ, ਜੋ ਕਿ ਪਿਛਲੀ ਤਿਮਾਹੀ ਨਾਲੋਂ 0.16 ਫੀਸਦੀ ਵਧੀ ਹੈ। ਇਸ ’ਤੇ ਵਧੀਕ ਡਿਪਟੀ ਕਮਿਸ਼ਨਰ ਨੇ ਤਸੱਲੀ ਪ੍ਰਗਟ ਕਰਦਿਆਂ ਇਸ ਵਿੱਚ ਹੋਰ ਸੁਧਾਰ ਲਿਆਉਣ ਲਈ ਕਿਹਾ।
ਮੀਟਿੰਗ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦੇ ਚੰਡੀਗੜ੍ਹ ਤੋਂ ਐਲ. ਡੀ. ਓ. ਵਿਸ਼ਾਲ ਕੁਮਾਰ,ਵੱਖ-ਵੱਖ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ, ਡਿਸਟ੍ਰਿਕਟ ਇੰਡਸਟਰੀਅਲ ਕੇਂਦਰ , ਰੂਡਸੈਟ ਇੰਸਟੀਚਿਊਟ ਜਲੰਧਰ, ਜ਼ਿਲ੍ਹਾ ਖੇਤੀਬਾੜੀ , ਡੇਅਰੀ ਵਿਕਾਸ, ਮੱਛੀ ਪਾਲਣ, ਬਾਗਬਾਨੀ, , ਨਾਬਾਰਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।