ਕਿਹਾ ਪੰਜਾਬ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ
ਜਲੰਧਰ, 5 ਮਾਰਚ 2024-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਵਿਸ਼ੇਸ਼ ਲੋੜਾਂ ਵਾਲੇ 11 ਵਿਦਿਆਰਥੀਆਂ ਨੂੰ ਇਲੈਕਟ੍ਰਿਕ ਵ੍ਹੀਲਚੇਅਰ-ਕਮ-ਸਕੂਟਰ ਵੰਡੇ ਗਏ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵ੍ਹੀਲਚੇਅਰਾਂ ਐਕਸਿਸ ਬੈਂਕ ਵੱਲੋਂ ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ ਸਪਾਂਸਰ ਕੀਤੀਆਂ ਗਈਆਂ ਹਨ ਅਤੇ ਚੇਨਈ ਆਧਾਰਿਤ ਕੰਪਨੀ ਨਿਓਮੋਸ਼ਨ ਵੱਲੋਂ ਇਨ੍ਹਾਂ ਨੂੰ ਡਿਜ਼ਾਈਨ ਅਤੇ ਨਿਰਮਾਣ ਕੀਤਾ ਗਿਆ ਹੈ।
ਦਿਵਿਆਂਗ ਵਿਅਕਤੀਆਂ ਨੂੰ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਮਾਜ ਦੇ ਸਾਰੇ ਵਰਗਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਕਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਇਲੈਕਟ੍ਰਿਕ ਵ੍ਹੀਲਚੇਅਰ-ਕਮ-ਸਕੂਟਰ ਇਸ ਨੇਕ ਕਾਰਜ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਹੋਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵ੍ਹੀਲਚੇਅਰਾਂ ਨੂੰ ਕੁਝ ਹੀ ਸਮੇਂ ਵਿੱਚ ਬਿਨਾਂ ਕਿਸੇ ਬਾਹਰੀ ਮਦਦ ਦੇ ਇਲੈਕਟ੍ਰਿਕ ਸਕੂਟਰਾਂ ਵਿੱਚ ਬਦਲਿਆ ਜਾ ਸਕਦਾ ਹੈ। ਨਵੀਨਤਮ ਤਕਨੀਕ ਨਾਲ ਲੈਸ ਇਹ ਸਕੂਟਰ 25 ਕਿਮੀ ਪ੍ਰਤੀ ਘੰਟੇ ਦੀ ਟਾਪ ਸਪੀਡ ਹਾਸਲ ਕਰ ਸਕਦੇ ਹਨ ਜਦਕਿ ਇਨ੍ਹਾਂ ‘ਚ ਲਗਾਈਆਂ ਗਈਆਂ ਬੈਟਰੀਆਂ ਪ੍ਰਤੀ ਚਾਰਜ 25 ਕਿਲੋਮੀਟਰ ਤੱਕ ਦੀ ਰੇਂਜ ਪ੍ਰਦਾਨ ਕਰ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਇਲੈਕਟ੍ਰਿਕ ਵ੍ਹੀਲਚੇਅਰ-ਕਮ-ਸਕੂਟਰ ਵਿਦਿਆਰਥੀਆਂ ਲਈ ਸਕੂਲ ਆਸਾਨੀ ਨਾਲ ਆਉਣ-ਜਾਣ ਵਿੱਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਇਲੈਕਟ੍ਰਿਕ ਸਕੂਟਰਾਂ ਨੂੰ ਚਲਾਉਣ ਵਾਲੇ ਵਿਦਿਆਰਥੀਆਂ ਲਈ ਲੋੜੀਂਦੀ ਸਿਖ਼ਲਾਈ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਇਨ੍ਹਾਂ ਨੂੰ ਚਲਾਉਣ ਸਮੇਂ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨੇ ਪੂਰੇ ਸੂਬੇ ਵਿੱਚ ਅਜਿਹੇ ਕਰੀਬ 50 ਸਕੂਟਰ ਮੁਹੱਈਆ ਕਰਵਾਉਣ ਲਈ ਐਕਸਿਸ ਬੈਂਕ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ, ਜਿਸ ਤਹਿਤ ਜਲੰਧਰ ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ 11 ਇਲੈਕਟ੍ਰਿਕ ਵੀਲ੍ਹਚੇਅਰ-ਕਮ-ਸਕੂਟਰ ਪ੍ਰਦਾਨ ਕੀਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਕਸਿਸ ਬੈਂਕ ਦੇ ਕਲਸਟਰ ਹੈੱਡ ਵੀਨੂੰ ਚੋਪੜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਕੁਮਾਰ ਤੇ ਹਰਜਿੰਦਰ ਕੌਰ, ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ, ਪ੍ਰਿੰਸੀਪਲ ਯੋਗੇਸ਼ ਕੁਮਾਰ, ਸੁਰਿੰਦਰ ਕੁਮਾਰ, ਡਾ. ਮਨੋਜ ਅਤੇ ਰਾਜੂ ਚੌਧਰੀ ਆਦਿ ਵੀ ਮੌਜੂਦ ਸਨ।