ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 21 ਮਈ ਨੂੰ, 11 ਜੂਨ ਤੱਕ ਪ੍ਰਾਪਤ ਕੀਤੇ ਜਾਣਗੇ ਦਾਅਵੇ ਤੇ ਇਤਰਾਜ਼
3 ਜੁਲਾਈ ਨੂੰ ਹੋਵੇਗੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ
ਜਲੰਧਰ, 4 ਮਾਰਚ 2024- ਚੀਫ਼ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਨਵੇਂ ਬੋਰਡ ਦੇ ਗਠਨ ਲਈ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪਹਿਲਾਂ ਜਾਰੀ ਸਮਾਂ ਸਾਰਣੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ਫਾਰਮ 21 ਅਕਤੂਬਰ 2023 ਤੋਂ 29 ਫਰਵਰੀ 2024 ਤੱਕ ਪ੍ਰਾਪਤ ਕੀਤੇ ਜਾਣੇ ਸਨ ਪਰ ਸੋਧੇ ਹੋਏ ਸ਼ਡਿਊਲ ਅਨੁਸਾਰ ਵੋਟਰ ਰਜਿਸਟ੍ਰੇਸ਼ਨ ਫਾਰਮ ਪ੍ਰਾਪਤ ਕਰਨ ਦੀ ਆਖਿਰੀ ਮਿਤੀ ਵਿੱਚ 30 ਅਪ੍ਰੈਲ 2024 ਤੱਕ ਵਾਧਾ ਕਰ ਦਿੱਤਾ ਗਿਆ ਹੈ।
ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਰਿਵਾਈਜ਼ਡ ਸ਼ਡਿਊਲ ਅਨੁਸਾਰ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 21 ਮਈ 2024 ਨੂੰ ਕੀਤੀ ਜਾਵੇਗੀ, ਜਿਸ ’ਤੇ 11 ਜੂਨ 2024 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਾਪਤ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਸਿੱਖ ਗੁਰਦੁਆਰਾ ਬੋਰਡ ਚੋਣਾਂ ਨਿਯਮ, 1959 ਦੇ ਰੂਲ 10 (3) ਅਨੁਸਾਰ 21 ਜੂਨ 2024 ਤੱਕ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਉਪਰੰਤ 2 ਜੁਲਾਈ 2024 ਨੂੰ ਸਪਲੀਮੈਂਟਰੀ ਵੋਟਰ ਸੂਚੀਆਂ ਦੀ ਤਿਆਰੀ ਅਤੇ ਛਪਾਈ ਕੀਤੀ ਜਾਵੇਗੀ ਅਤੇ 3 ਜੁਲਾਈ 2024 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਰਜਿਸਟ੍ਰੇਸ਼ਨ ਲਈ ਵਿਅਕਤੀ ਕੇਸਧਾਰੀ ਸਿੱਖ ਹੋਣਾ ਚਾਹੀਦਾ ਹੈ। ਜੋ ਵਿਅਕਤੀ ਆਪਣੀ ਦਾੜ੍ਹੀ ਕਟਵਾਉਂਦਾ/ਸ਼ੇਵ ਕਰਦਾ, ਬੀੜੀ/ਸਿਗਰਟ ਜਾਂ ਸ਼ਰਾਬ ਪੀਂਦਾ ਹੈ, ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰ ਨਹੀਂ ਕਰਵਾ ਸਕਦਾ।