ਸਮਾਜ ਦੇ ਲੋਕ ਜਾਤ ਅਭਿਮਾਨੀ ਭਗਵੰਤ ਮਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਰਹਿਣ
ਫਿਲੌਰ, 4 ਮਾਰਚ 2024-ਅੱਜ ਪੰਜਾਬ ਵਿਧਾਨ ਸਭਾ ਵਿੱਚ ਚਲ ਰਹੇ ਬਜਟ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਾਅਦੇ ਕਿ ਅਸੀਂ ਦਲਿਤ ਵਿਧਾਇਕ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਨੂੰ ਯਾਦ ਕਰਵਾਉਂਦਿਆਂ ਆਦਮਪੁਰ (ਰਿਜ਼ਰਵ) ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਸਵੇਰ ਤੋਂ ਆਪੇ ਤੋਂ ਬਾਹਰ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਇਕ ਕੋਟਲੀ ਲਈ ਅਪਮਾਨਜਨਕ ਸ਼ਬਦਾਵਲੀ ਵਿੱਚ ਗੱਲ ਕਰਨੀ ਅਤਿ ਨਿੰਦਣਯੋਗ ਹੈ।
ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਆਦਮਪੁਰ ਵਿਧਾਨ ਸਭਾ ਦੇ ਲੋਕਾਂ ਨੇ ਚੁਣ ਕੇ ਭੇਜਿਆ ਤਾਂ ਜੋ ਵਿਧਾਨ ਸਭਾ ਵਿੱਚ ਲੋਕਾਂ ਦੀ ਆਵਾਜ਼ ਚੁੱਕਣ, ਜੇਕਰ ਪੰਜਾਬ ਦੀ ਵਿਧਾਨ ਸਭਾ ਵਿੱਚ ਦਲਿਤ ਵਿਧਾਇਕ ਨਾਲ ਇਹੋ ਜਿਹਾ ਸਲੂਕ ਹੁੰਦਾ ਹੈ ਤਾਂ ਅਸੀਂ ਪੰਜਾਬ ਵਿੱਚ ਆਪਣੇ ਆਪ ਨੂੰ ਕਿੰਝ ਸੁਰੱਖਿਅਤ ਸਮਝ ਸਕਦੇ ਹਾਂ, ਉਨ੍ਹਾਂ ਅੱਗੇ ਕਿਹਾ ਭਗਵੰਤ ਮਾਨ ਨੇ ਕੋਟਲੀ ਦਾ ਨਹੀਂ ਸਗੋਂ ਪੂਰੇ ਦਲਿਤ ਸਮਾਜ ਦਾ ਅਪਮਾਨ ਕੀਤਾ ਹੈ ਇਸ ਦਾ ਬਦਲਾ ਸਮਾਜ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾ ਕੇ ਲਵੇਗਾ।
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਅੱਗੇ ਕਿਹਾ ਪਹਿਲਾਂ ਹੀ ਭਗਵੰਤ ਮਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਿੱਜੀ ਦੁਸ਼ਮਣ ਬਣਿਆ ਹੈ ਉਨ੍ਹਾਂ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਹੁਣ ਇਸ ਘਟਨਾ ਨਾਲ ਭਗਵੰਤ ਮਾਨ ਦਾ ਦਲਿਤ ਵਿਰੋਧੀ ਚਿਹਰਾ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰ ਖਿੱਤੇ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਲਿਤ ਸਮਾਜ ਨੂੰ ਮਨਫੀ ਕਰਕੇ ਚੱਲ ਰਹੀ ਹੈ। ਹੁਣ ਸਮਾਜ ਦੇ ਆਗੂਆਂ ਦਾ ਸ਼ਰੇਆਮ ਅਪਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਮਾਜ ਨੂੰ ਵੱਡੀ ਲਾਮਬੰਦੀ ਦਾ ਸੱਦਾ ਦਿੰਦਿਆਂ ਕਿਹਾ ਕਿ ਜਾਤ ਅਭਿਮਾਨੀ ਭਗਵੰਤ ਮਾਨ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਰਹਿਣ। ਸ੍ਰੀ ਭੌਂਸਲੇ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲੋਕ ਸਭਾ ਚੋਣਾਂ ਵਿੱਚ ਆਪਣੀ 2022 ਵਾਲੀ ਗਲਤੀ ਨੂੰ ਸੁਧਾਰਨ ਲਈ ਮੌਕਾ ਮਿਲਣ ਜਾ ਰਿਹਾ ਹੈ, ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਦਾ ਸੱਦਾ ਦਿੱਤਾ।