ਕੈਨੇਡਾ (ਸਤਪਾਲ ਸਿੰਘ ਜੌਹਲ)-ਹਾਏ ਨਸ਼ੇ: ਆਇਰਲੈਂਡ ਤੋਂ ਫਲੋਰੀਡਾ (ਅਮਰੀਕਾ) ਕੰਮ ਕਰਨ ਪੁੱਜੇ ਹੋਏ ਦੋ ਹਮਉਮਰ ਨੌਜਵਾਨ ਦੋਸਤਾਂ ਕੇਨ ਮਿਚਲ (30) ਤੇ ਲਿਊਕ ਕੋਮਿਸਕੀ (31) ਦੀ ਰਸਾਇਣਕ ਨਸ਼ਾ, ਫੈਂਟਨਿਲ ਦੀ ਵੱਧ ਮਾਤਰਾ ਖਾਣ ਨਾਲ਼ ਬੀਤੇ ਸਾਲ ਅਪ੍ਰੈਲ ਵਿੱਚ ਮੌਤ ਹੋਈ (ਸੁੱਤੇ ਰਹਿ ਗਏ) ਸੀ। ਦੋਵਾਂ ਦੀਆਂ ਲਾਸ਼ਾਂ ਆਇਰਲੈਂਡ ਵਾਪਿਸ ਭੇਜੀਆਂ ਗਈਆਂ ਪਰ ਫਲੋਰੀਡਾ `ਚ ਫਿਊਨਲ ਹੋਮ ਸਟਾਫ ਦੀ ਗਲਤੀ ਨਾਲ਼ ਲਾਸ਼ਾਂ ਦੇ ਪੈਰਾਂ ਨਾਲ਼ ਟੈਗ (ਲੇਬਲ) ਬਦਲ ਦਿੱਤੇ ਗਏ ਜਿਸ ਕਰਕੇ ਗਲਤੀ ਨਾਲ਼ ਇਕ ਦੂਜੇ ਦੀ ਕਬਰ ਵਿੱਚ ਦਫਨਾਏ ਜਾਣ ਦੀ ਘਟਨਾ ਵਾਪਰ ਗਈ। ਫਲੋਰੀਡਾ ਵਿੱਚ ਨਸ਼ਾ ਵੇਚਣ ਵਾਲੇ ਜੇਮਜ਼ ਰਿਚਰਡ ਨੂੰ ਕਾਬੂ ਕਰਕੇ ਉਸ ਖਿਲਾਫ ਦੋ ਕਤਲਾਂ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਦੀ ਅਗਲੀ ਪੇਸ਼ੀ 18 ਮਾਰਚ ਨੂੰ ਹੈ। ਕਮਾਲ ਦੀ ਗੱਲ ਇਹ ਵਾਪਰੀ ਕਿ ਨਸ਼ਾ ਖਾਣ ਵਾਲ਼ੇ ਨੌਜਵਾਨਾਂ ਨੇ ਰਿਚਰਡ ਤੋਂ ‘ਪਾਊਡਰ’ (ਕੋਕੀਨ) ਮੰਗਵਾਈ ਸੀ ਪਰ ਸੰਭਾਵਨਾ ਹੈ ਕਿ ਉਹ ਪਾਊਡਰ ਦੀ ਬਜਾਏ ਫੈਂਟਨਿਲ ਦੇ ਗਿਆ ਜਿਸ ਨੂੰ ਨਿਗਲ਼ਣ ਕਾਰਨ ਕੇਨ ਤੇ ਲਿਊਕ ਦੀ ਅਪਾਰਟਮੈਂਟ ਵਿੱਚ ਜਾਨ ਨਿਕਲ਼ ਗਈ ਭਾਵ ਦਿਮਾਗ ਸਦਾ ਲਈ ਸੌਂ ਗਏ। ਦੋਵਾਂ ਦੇ ਮਾਪਿਆਂ ਦੇ ਪੱਲੇ ਰੋਣੇ ਪਏ ਹਨ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।