ਰੈਵੇਨਿਊ ਰਿਕਾਰਡ ਦੀ ਅਪਡੇਸ਼ਨ, ਈ-ਕੋਰਟ ਮੈਨੇਜਮੈਂਟ ਸਿਸਟਮ, ਬਕਾਇਆ ਇੰਤਕਾਲ ਤੇ ਅਦਾਲਤੀ ਕੇਸਾਂ ਦੀ ਵੀ ਕੀਤੀ ਸਮੀਖਿਆ
ਜਲੰਧਰ, 29 ਫਰਵਰੀ 2024- ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਅੱਜ ਮਾਲ ਅਧਿਕਾਰੀਆਂ ਨੂੰ ਜਾਣਬੁੱਝ ਕੇ ਅਦਾਇਗੀ ਨਾ ਕਰਨ ਵਾਲਿਆਂ ( ਸਵੈ ਇੱਛਤ ਡਿਫਾਲਟਰਾਂ ) ਤੋਂ ਰਿਕਵਰੀ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਅਤੇ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਵਿੱਤ ਕਮਿਸ਼ਨਰ ਮਾਲ (ਐਫ.ਸੀ.ਆਰ.) ਦੀ ਪ੍ਰਧਾਨਗੀ ਹੇਠ ਹੋਈ ਸਮੀਖਿਆ ਮੀਟਿੰਗ ਵਿੱਚ ਭਾਗ ਲੈਣ ਉਪਰੰਤ ਡਿਪਟੀ ਕਮਿਸ਼ਨਰ ਨੇ ਮਾਲ ਅਧਿਕਾਰੀਆਂ ਨੂੰ ਐਫ.ਸੀ.ਆਰ. ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਰਿਕਵਰੀ, ਮਾਲ ਰਿਕਾਰਡ ਨੂੰ ਅੱਪਡੇਟ ਕਰਨ, ਈ-ਕੋਰਟ ਮੈਨੇਜਮੈਂਟ ਸਿਸਟਮ, ਬਕਾਇਆ ਇੰਤਕਾਲਾਂ, ਮਾਲ ਕੇਸਾਂ, ਵੱਖ-ਵੱਖ ਪੱਧਰਾਂ ‘ਤੇ ਮਾਲ ਰਿਕਾਰਡ ਦੀ ਜਾਂਚ ਤੋਂ ਇਲਾਵਾ ਹੋਰ ਕੰਮਾਂ ਦਾ ਵੀ ਜਾਇਜ਼ਾ ਲਿਆ।
ਸ੍ਰੀ ਸਾਰੰਗਲ ਨੇ ਮਾਲ ਅਧਿਕਾਰੀਆਂ ਨੂੰ ਕਿਹਾ ਕਿ ਰਿਕਵਰੀ ਨੂੰ ਪਹਿਲੀ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਸੂਬਾ ਸਰਕਾਰ ਦੇ ਮਾਲੀਏ ਵਿੱਚ ਵਾਧਾ ਹੋ ਸਕੇ ।
ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟ੍ਰੇਟਾਂ (ਐਸ.ਡੀ.ਐਮਜ਼) ਨੂੰ ਰਿਕਵਰੀ ਨਾਲ ਸਬੰਧਤ ਮਾਮਲਿਆਂ ਦੀ ਵਿਅਕਤੀਗਤ ਤੌਰ ‘ਤੇ ਨਿਗਰਾਨੀ ਕਰਨ ਲਈ ਵੀ ਕਿਹਾ ਤਾਂ ਜੋ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾ ਸਕੇ।
ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਬਕਾਇਆ ਇੰਤਕਾਲਾਂ ਸਬੰਧੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਤਾਂ ਜੋ ਲੋਕ ਇਨ੍ਹਾਂ ਸੇਵਾਵਾਂ ਦਾ ਨਿਰਵਿਘਨ ਅਤੇ ਸਮਾਂਬੱਧ ਢੰਗ ਨਾਲ ਲਾਭ ਲੈ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਕਾਇਆ ਇੰਤਕਾਲਾਂ ਦਾ ਅਧਿਕਾਰੀਆਂ ਵੱਲੋਂ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਕਿਸਮ ਦੀ ਬੇਲੋੜੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਨੇ ਮਾਲ ਅਧਿਕਾਰੀਆਂ ਨੂੰ ਸਮੁੱਚਾ ਮਾਲ ਰਿਕਾਰਡ ਅਪਡੇਟ ਕਰਨ ਅਤੇ ਈ-ਕੋਰਟ ਮੈਨੇਜਮੈਂਟ ਸਿਸਟਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਕਿਹਾ। ਉਨ੍ਹਾਂ ਐਸ.ਡੀ.ਆਰ.ਐਫ. ਮਦ ਅਧੀਨ ਪ੍ਰਾਪਤ ਕੀਤੇ ਫੰਡਾਂ ਦੀ ਵੰਡ ਅਤੇ ਵਰਤੋਂ ਦਾ ਜਾਇਜ਼ਾ ਲੈਂਦਿਆਂ ਜਮ੍ਹਾਂਬੰਦੀਆਂ ਸਥਿਤੀ ਦੀ ਵੀ ਸਮੀਖਿਆ ਵੀ ਕੀਤੀ।