ਮਾਨਸਾ, 26 ਫਰਵਰੀ 2024- ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਘਰ ਮਾਰਚ ਮਹੀਨੇ ‘ਚ ਖ਼ੁਸ਼ੀਆਂ ਖਿੜਨ ਜਾ ਰਹੀਆਂ ਹਨ ਕਿਉਂਕਿ ਮਰਹੂਮ ਗਾਇਕ ਦੀ ਮਾਤਾ ਚਰਨ ਕੌਰ ਬੱਚੇ ਨੂੰ ਜਨਮ ਦੇਣਗੇ | ਇਹੀ ਕਾਰਨ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਘੱਟ ਵੱਧ ਹੀ ਬਾਹਰ ਨਿਕਲਦੇ ਹਨ ਅਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਪ੍ਰਸੰਸਕਾਂ ਨੂੰ ਵੀ ਨਹੀਂ ਮਿਲ ਰਹੇ |
ਜਿਕਰਯੋਗ ਹੈ ਕਿ ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਹੱਤਿਆ ਤੋਂ ਬਾਅਦ ਪਰਿਵਾਰ ਦੇ ਵਾਰਿਸ ਨੂੰ ਲੈ ਕੇ ਮੂਸੇਵਾਲਾ ਦੇ ਪ੍ਰਸੰਸਕਾਂ ‘ਚ ਨਿਰਾਸ਼ਤਾ ਪਾਈ ਜਾ ਰਹੀ ਸੀ | ਪਰਿਵਾਰ ਨੂੰ ਚਾਹੁਣ ਵਾਲੇ ਇਹੋ ਦੁਆਵਾਂ ਕਰਦੇ ਆ ਰਹੇ ਸਨ ਕਿ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਜਨਮ ਲਵੇ । ਗਾਇਕ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੂੰ ਪੱਤਰਕਾਰਾਂ ਵਲੋਂ ਸੰਪਰਕ ਕਰਨ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵਿਹੜੇ ਨਵਾਂ ਜੀਅ ਆ ਰਿਹਾ ਹੈ।