ਫਿਲੌਰ, 26 ਫਰਵਰੀ 2024- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਕਿਸਾਨਾਂ ਨੇ ਜੀਟੀ ਰੋਡ ‘ਤੇ ਟਰੈਰਟਰ ਖੜੇ ਕਰਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਡਬਲਿਊ ਟੀਓ ਦੀ ਦੋਹਾ ਵਿਖੇ ਹੋ ਰਹੀ ਆਲਮੀ ਕਾਨਫਰੰਸ ਮੌਕੇ ਕਿਸਾਨਾਂ ਦੇ ਅੱਜ ਦੀ ਇਕੱਤਰਤਾ ਨੇ ਮੰਗ ਕੀਤੀ ਕਿ ਭਾਰਤ ਨੂੰ ਡਬਲਿਊ ਟੀਓ ‘ਚ ਬਾਹਰ ਆਉਣਾ ਚਾਹੀਦਾ ਹੈ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਸੰਕਟ ਕਾਰਨ ਕਿਸਾਨੀ ਦਾ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਦੋਂ ਕਿ ਕਰਜ਼ੇ ਦੀ ਮੁਆਫ਼ੀ ਸਿਰਫ਼ ਵੱਡੇ ਸਨਅਤਕਾਰਾਂ ਦੀ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਮੋਦੀ ਨੇ 2014 ‘ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਪਰ ਮਗਰੋਂ ਕੋਈ ਕਾਰਵਾਈ ਨਹੀਂ ਕੀਤੀ। ਸੰਧੂ ਨੇ ਕਿਹਾ ਕਿ ਡਬਲਯੂਟੀਓ ‘ਚੋਂ ਬਾਹਰ ਆ ਕੇ ਅਤੇ ਸਵਾਮੀਨਾਥਨ ਰਿਪੋਰਟ ‘ਚੋਂ ਸੀ ਟੂ ਪਲੱਸ 50 ਪ੍ਰਤੀਸ਼ਤ ਨਾਲ ਹੀ ਕਿਸਾਨੀ ਬਚਾਈ ਜਾ ਸਕਦੀ ਹੈ। ਕਿਸਾਨੀ ਬਚਣ ਨਾਲ ਹੀ ਦੇਸ਼ ਦਾ ਆਰਥਿਕ ਢਾਂਚਾ ਮਜਬੂਤ ਹੋਵੇਗਾ। ਕਿਸਾਨੀ ਮਜ਼ਬੂਤ ਹੋਣ ਨਾਲ ਹੀ ਮਜ਼ਦੂਰਾਂ, ਦੁਕਾਨਦਾਰਾਂ ਸਮੇਤ ਹੋਰਨਾ ਵਰਗਾ ਨੂੰ ਭਾਰੀ ਰਾਹਤ ਮਿਲੇਗੀ।
ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਵਲੋਂ 14 ਮਾਰਚ ਨੂੰ ਦਿੱਲੀ ‘ਚ ਕਨਵੈਨਸ਼ਨ ਕੀਤੀ ਜਾ ਰਹੀ ਹੈ, ਜਿਸ ਲਈ ਕਿਸਾਨ ਵੱਡੇ ਪੱਧਰ ‘ਤੇ ਪੁੱਜ ਕੇ ਆਪਣੀ ਆਵਾਜ਼ ਬੁਲੰਦ ਕਰਨਗੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਹਰਵਿੰਦਰ ਸਿੰਘ ਖਹਿਰਾ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸਕੱਤਰ ਮੇਜਰ ਫਿਲੌਰ ਨੇ ਸੰਬੋਧਨ ਕੀਤਾ। ਇਸ ਮੌਕੇ ਕੁਲਵੰਤ ਖਹਿਰਾ, ਕੁਲਜੀਤ ਫਿਲੌਰ, ਮਾ. ਚਰਨਜੀਤ ਸਿੰਘ, ਸੁਰਿੰਦਰ ਰੁੜਕੀ, ਗੁਰਜੀਤ ਪਾਲਾ, ਗੁਰਜੰਟ ਸਿੰਘ ਖਹਿਰਾ, ਸਾਬਕਾ ਸਰਪੰਚ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।