ਸੈਕੜੇ ਕਿਸਾਨ ਜ਼ਖਮੀ, ਫਿਰ ਵੀ ਕਿਸਾਨ ਦਿੱਲੀ ਜਾਣ ਲਈ ਬਜਿਦ
ਖਨੌਰੀ ਬਾਰਡਰ/ ਸ਼ੰਭੂ ਬਾਰਡਰ, 21 ਫਰਵਰੀ 2024-ਕਿਸਾਨ ਅੰਦੋਲਨ 2.0 ਤਹਿਤ ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਦਿੱਲੀ ਕੂਚ ਕਰਨ ਲਈ ਅੱਜ 11 ਵਜੇ ਸ਼ੰਭੂ ਬਾਰਡਰ ਅਤੇ ਖਨੌਰ ਬਾਰਡਰ ਤੋਂ ਹਾਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ, ਪੋਕ ਲੇਨ, ਜੇਬੀਸੀ ਸਮੇਤ ਜਾਣ ਲਈ ਤਿਆਰ ਸਨ। ਹਰਿਆਣਾ ਸਰਕਾਰ ਦੁਆਰਾ ਪੁਲਿਸ ਸਮੇਤ ਅਰਧ ਸੈਨਿਕ ਦਲ ਦੁਆਰਾ ਬਾਰਡਰਾਂ ਤੇ ਤਿੰਨ ਲੇਅਰ ਸੁਰੱਖਿਆ ਤਹਿਤ ਕੀਤੇ ਪ੍ਰਬੰਧ ਤਹਿਤ ਸਾਰਾ ਦਿਨ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਵਰਦੇ ਰਹੇ। ਡੱਲੇਵਾਲ ਅਤੇ ਪੰਧੇਰ ਸਮੇਤ ਲੀਡਰਾਂ ਨੇ ਮੋਹਰੇ ਹੋ ਕੇ ਜਾਣ ਦੀ ਕੋਸ਼ਿਸ਼ ਨੂੰ ਪੁਲਿਸ ਨੇ ਗੈਸ ਦੇ ਗੋਲਿਆ ਦੀ ਬਰਸਾਤ ਕਰਨ ਤੇ ਉਹਨਾਂ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ।



ਖਨੌਰੀ ਬਾਰਡਰ ਤੇ ਅੱਜ ਕਿਸਾਨਾਂ ਨੇ ਹਵਾ ਦਾ ਰੁੱਖ ਦੇਖ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਦਿੱਤੀ ਜਿਸ ਨੇ ਪੁਲਿਸ ਦਾ ਸਾਹ ਲੈਣਾ ਮੁਸ਼ਕਲ ਕਰ ਦਿੱਤਾ ਜਿਸ ਕਾਰਨ ਗੁੱਸੇ ਵਿੱਚ ਆਈ ਫੋਰਸ ਨੇ ਮੋਰਚੇ ਵਿੱਚ ਪਹੁੰਚ ਕੇ ਕਿਸਾਨਾਂ ਦੇ ਟਰੈਕਟਰਾਂ, ਕਾਰਾਂ ਨੂੰ ਨੁਕਸਾਨ ਪਹੁੰਚਾਇਆ, ਟਰਾਲੀਆਂ ਵਿੱਚ ਪਏ ਬਜ਼ੁਰਗ ਕਿਸਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਸਿੱਧੀਆਂ ਚਲਾਈਆਂ ਗੋਲੀਆਂ ਚ ਇਕ ਕਿਸਾਨ ਸ਼ੁਮਕਰਮ ਸਿੰਘ ਜਿਲਾ ਬਠਿੰਡਾ ਦੇ ਪਿੰਡ ਬੱਲੋ ਦੇ ਸਿਰ ਵਿਚ ਲਗੀ ਗੋਲੀ ਪਾਰ ਕਰ ਗਈ ਜਿਸ ਦੀ ਮੌਤ ਖਬਰ ਹੈ ਬਾਕੀ 2-3 ਕਿਸਾਨ ਜ਼ਖਮੀ ਦਸੇ ਜਾ ਰਹੇ ਹਨ। ਹੁਣ ਤੱਕ ਜਿਆਦਾ ਤਰ ਅੱਖਾਂ ਵਿੱਚ ਅੱਥਰੂ ਗੈਸ ਤੋਂ ਪੀੜਤ ਸੈਕੜੇ ਕਿਸਾਨ ਪਟਿਆਲਾ, ਖਨੌਰੀ ਜਿਲਿਆਂ ਦੇ ਹਸਪਤਾਲਾਂ ਵਿੱਚ ਦਾਖਲ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ, ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਡਿਊਟੀ ਲਗਾਈ ਹੋਈ ਹੈ ਕਿ ਜ਼ਖਮੀ ਕਿਸਾਨਾਂ ਦੇ ਇਲਾਜ ਵਾਸਤੇ ਉਹਡਿਊਟੀ ਨਿਭਾਉਣ। ਅੱਜ ਸ਼ਹੀਦ ਹੋਏ ਕਿਸਾਨ ਸ਼ੁਮਕਰਮ ਸਿੰਘ ਦੀ ਸ਼ਹੀਦੀ ਨੂੰ ਲੈ ਕੇ ਦਿੱਲੀ ਕੂਚ ਕਰਨ ਦੇ ਪ੍ਰੋਗਰਾਮ ਨੂੰ ਕਿਸਾਨਾਂ ਵੱਲੋ ਦੋ ਦਿਨ ਲਈ ਅੱਗੇ ਪਾ ਦਿੱਤਾ ਗਿਆ ਹੈ।

ਕੇਂਦਰ ਸਰਕਾਰ ਇਕ ਪਾਸੇ ਪੰਜਵੇਂ ਗੇੜ ਦੀ ਗੱਲਬਾਤ ਦਾ ਸੱਦਾ ਦੇ ਰਹੀ ਹੈ ਦੂਸਰੇ ਪਾਸੇ ਕਿਸਾਨਾਂ ਤੇ ਕਹਿਰ ਢਾਹ ਰਹੀ ਹੈ। ਜਿਸ ਦੀ ਮਿਸਾਲ ਇਕ ਕਿਸਾਨ ਦੀ ਸ਼ਹੀਦੀ ਸਾਹਮਣੇ ਹੈ ਜਿਸ ਨੂੰ ਦੇਖਦਿਆ ਬੀਕੇਯੂ ਕਾਦੀਆ ਵੱਲੋ 22 ਫਰਵਰੀ ਨੂੰ ਪੰਜਾਬ ਬੰਦ ਦਾ ਸੱਦਾ ਦੇ ਦਿੱਤਾ ਗਿਆ ਹੈ।

