ਗਾਂ ਅਤੇ ਮੱਝ ਦੇ ਦੁੱਧ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੀ ਤਜਵੀਜ਼
ਹਿਮਾਚਲ, 17 ਫਰਵਰੀ 2024- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਨੇ ਅੱਜ ਪੇਸ਼ ਕੀਤੇ ਬਜਟ ਵਿੱਚ ਦੁੱਧ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਐਮ ਐਸ ਪੀ ਦੇਣਦੀ ਤਜਵੀਜ ਲਿਆਂਦੀ ਹੈ। ਵਿੱਤੀ ਸਾਲ 2024-25 ਦਾ ਇਹ ਬਜਟ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ CM ਸੁੱਖੂ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਤਪਾਦਨ ਵਧਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮੈਂ 1 ਅਪ੍ਰੈਲ 2024 ਤੋਂ ਦੁੱਧ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਵਾਧਾ ਕਰ ਰਿਹਾ ਹਾਂ। ਮੈਂ ਗਾਂ ਦੇ ਦੁੱਧ ਦਾ ਘੱਟੋ-ਘੱਟ ਸਮਰਥਨ ਮੁੱਲ 38 ਰੁਪਏ ਤੋਂ ਵਧਾ ਕੇ 45 ਰੁਪਏ ਕਰਨ ਦਾ ਐਲਾਨ ਕਰਦਾ ਹਾਂ। ਮੈਂ ਮੱਝ ਦੇ ਦੁੱਧ ਦਾ 38 ਰੁਪਏ ਤੋਂ ਵਧਾ ਕੇ 55 ਰੁਪਏ ਕਰਨ ਦਾ ਵੀ ਐਲਾਨ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਹਿਮਾਚਲ ਵਿੱਚ ਦੁੱਧ ਦੀ ਖਰੀਦ ’ਤੇ ਵੀ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਇਆ ਗਿਆ ਹੈ। ਅਜਿਹਾ ਕਰਨ ਵਾਲਾ ਪੂਰੇ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨੂੰ ਖੁੱਲ੍ਹੀ ਮੰਡੀ ਵਿੱਚ ਦੁੱਧ ਦੀ ਵੱਧ ਕੀਮਤ ਮਿਲਦੀ ਹੈ ਤਾਂ ਉਹ ਖੁੱਲ੍ਹੀ ਮੰਡੀ ਵਿੱਚ ਵੇਚਣ ਲਈ ਆਜ਼ਾਦ ਹੋਵੇਗਾ। ਮੈਂ ਘੋਸ਼ਣਾ ਕਰਦਾ ਹਾਂ ਕਿ 1 ਅਪ੍ਰੈਲ, 2024 ਤੋਂ, APMC ਦੁਆਰਾ ਦੁੱਧ ਉਤਪਾਦਨ ਕਮੇਟੀ ਤੋਂ ਲਈਆਂ ਜਾਣ ਵਾਲੀਆਂ ਫੀਸਾਂ ਨੂੰ ਮੁਆਫ ਕਰ ਦਿੱਤਾ ਜਾਵੇਗਾ। ਇਸ ਨਾਲ ਕਮੇਟੀ ਨੂੰ ਫਾਇਦਾ ਹੋਵੇਗਾ।