ਡੇਰਾ ਬਾਬਾ ਨਾਨਕ, 17 ਫਰਵਰੀ 2024-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਅਲੀ ਨੰਗਲ ਵਿੱਚ ਉਸ ਵੇਲੇ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਦੋ ਸਕੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਭਰਾਵਾਂ ਦੇ ਚਚੇਰੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ (42) ਪੁੱਤਰ ਰਤਨ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਇਕਦਮ ਘਬਰਾਹਟ ਮਹਿਸੂਸ ਹੋਈ ਤਾਂ ਉਸ ਨੂੰ ਤੁਰੰਤ ਬਟਾਲਾ ਦੇ ਨਿੱਜੀ ਹਸਪਤਾਲ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਦੀ ਖ਼ਬਰ ਜਦੋਂ ਉਸ ਦੇ ਵੱਡੇ ਭਰਾ ਸੁਖਵਿੰਦਰ ਸਿੰਘ ਨੂੰ ਦਿੱਤੀ ਗਈ ਜੋ ਕਿ ਲੁਧਿਆਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ, ਆਪਣੇ ਭਰਾ ਦੀ ਮੌਤ ਦਾ ਪਤਾ ਲੱਗਿਆ ਤਾਂ ਉਸ ਵੱਲੋਂ ਭਰਾ ਦੀ ਮੌਤ ਦਾ ਦੁੱਖ ਨਾ ਸਹਾਰਦੇ ਹੋਏ ਉਸ ਨੂੰ ਵੀ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਕੰਪਨੀ ਦੇ ਅਧਿਕਾਰੀਆਂ ਵੱਲੋਂ ਚੰਡੀਗੜ੍ਹ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਕਿ ਉਸ ਨੂੰ ਵੀ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ।

ਦੋਵਾਂ ਸਕੇ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਸ਼ਮਸ਼ਾਨਘਾਟ ਅੰਤਿਮ ਸੰਸਕਾਰ ਲਈ ਲਿਆਂਦੀਆਂ ਗਈਆਂ ਤਾਂ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਬੁਰਾ ਹਾਲ ਸੀ ਤੇ ਉੱਥੇ ਹੀ ਦੋਵਾਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਇੱਕੋ ਚਿਖਾ ’ਤੇ ਅਗਨੀ ਭੇਟ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕੰਪਨੀ ਅਧਿਕਾਰੀਆਂ ਤੋ ਮੰਗ ਕੀਤੀ ਗਈ ਹੈ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੰਪਨੀ ਵਿੱਚ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ।