ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਫ਼ਿਰ ਮੀਟਿੰਗ ਹੋਵੇਗੀ
ਮੀਟਿੰਗ ਚ ਜਦੋਂ ਕਿਸਾਨ ਆਗੂਆ ਨੇ ਅੱਥਰੂ ਗੈਸ ਦੇ ਗੋਲਿਆਂ, ਗੋਲੀਆਂ ਦੇ ਖੋਲਾਂ ਦਾ ਝੋਲਾ ਭਰਿਆ ਜਦੋਂ ਮੰਤਰੀਆਂ ਨੂੰ ਦਿਖਾਇਆ
ਅਸੀਂ ਕੋਈ ਪਾਕਿਸਤਾਨੀ ਨਹੀਂ ਹਾਂ
ਚੰਡੀਗੜ੍ਹ, 16 ਫਰਵਰੀ 2023-ਅੱਜ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਕਾਰ ਤੀਜੇ ਗੇੜ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੀ ਹਾਜ਼ਰ ਸਨ। ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਐਤਵਾਰ ਨੂੰ ਫ਼ਿਰ ਮੀਟਿੰਗ ਹੋਵੇਗੀ। ਮੀਟਿੰਗ ਮਗਰੋਂ ਕਿਸਾਨ ਆਗੂਆਂ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਸਥਾਰਪੂਰਵਕ ਚਰਚਾ ਹੋਈ ਹੈ ਤੇ ਜੇ ਇਨ੍ਹਾਂ ਗੱਲਾਂ ਨੂੰ ਅਮਲੀ ਜਾਮਾ ਵੀ ਪਹਿਨਾ ਦਿੱਤਾ ਜਾਵੇ ਤਾਂ ਗੱਲ ਬਣ ਸਕਦੀ ਹੈ। ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਐਤਵਾਰ ਤਕ ਦੋਹਾਂ ਪਾਸੇ ਤੋਂ ਸੀਜ਼ਫ਼ਾਇਰ ਰਹੇਗਾ। ਸਹਿਮਤੀ ਨਾ ਬਣਨ ‘ਤੇ ਦਿੱਲੀ ਕੂਚ ਦਾ ਪ੍ਰੋਗਰਾਮ ਕਾਇਮ ਰਹੇਗਾ। ਐਤਵਾਰ ਤਕ ਕਿਸਾਨ ਬਾਰਡਰ ‘ਤੇ ਹੀ ਬੈਠਣਗੇ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਦੌਰਾਨ ਐਮ ਐਸ ਪੀ ‘ਤੇ ਕਾਨੂੰਨੀ ਗਰੰਟੀ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਕਿਸਾਨ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਸਮੇਤ ਤਮਾਮ ਮੰਗਾਂ ‘ਤੇ ਵਿਸਥਾਰ ਨਾਲ ਚਰਚਾ ਹੋਈ ਹੈ। ਉਹਨਾਂ ਕਿਹਾ ਕਿ ਮੰਤਰੀਆਂ ਨੂੰ ਅਸੀ ਕਿਹਾ ਹੈ ਕਿ ਅਸੀਂ ਸਿਰਫ਼ ਚਰਚਾ ਹੀ ਨਾ ਕਰਦੇ ਰਹਿ ਜਾਈਏ, ਇਸ ਦਾ ਕੋਈ ਨਤੀਜਾ ਵੀ ਨਿਕਲੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਨੇ ਕਿਹਾ ਹੈ ਕਿ ਅਸੀਂ ਹਵਾ ਵਿਚ ਗੱਲਾਂ ਨਹੀਂ ਕਰਨੀਆਂ ਚਾਹੁੰਦੇ, ਇਨ੍ਹਾਂ ਮੰਗਾਂ ‘ਤੇ ਫ਼ੈਸਲਾ ਲੈਣ ਲਈ ਅਸੀਂ ਸਰਕਾਰ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ, ਇਸ ਲਈ ਉਨ੍ਹਾਂ ਐਤਵਾਰ ਨੂੰ ਮੀਟਿੰਗ ਦਾ ਮੁੜ ਸਮਾਂ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੰਤਰੀਆਂ ਨੇ ਅੱਜ ਜੋ ਕੁਝ ਵੀ ਮੀਟਿੰਗ ਵਿਚ ਕਿਹਾ, ਜੇ ਉਸ ਨੂੰ ਅਮਲੀ ਜਾਮਾ ਪਹਿਨਾ ਦੇਣ ਤਾਂ ਗੱਲ ਬਣ ਸਕਦੀ ਹੈ।
ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਸਾਨਾਂ ‘ਤੇ ਕੀਤੀ ਜਾ ਰਹੀ ਸ਼ੈਲਿੰਗ ਦਾ ਮੁੱਦਾ ਵੀ ਚੁੱਕਿਆ ਗਿਆ। ਕਿਸਾਨ ਆਗੂਆ ਨੇ ਪੁਲਿਸ ਵੱਲੋਂ ਸੁੱਟੇ ਜਾ ਰਹੇ ਅੱਥਰੂ ਗੈਸ ਦੇ ਗੋਲਿਆਂ, ਗੋਲੀਆਂ ਦੇ ਖੋਲ ਆਦਿ ਦਾ ਝੋਲਾ ਭਰ ਕੇ ਮੀਟਿੰਗ ਵਿਚ ਲੈ ਕੇ ਗਏ ਸਨ। ਉਨ੍ਹਾਂ ਮੰਤਰੀਆਂ ਨੂੰ ਝੋਲਾ ਦਿਖਾਉਂਦਿਆਂ ਕਿਹਾ ਕਿ ਇਕ ਪਾਸੇ ਤੁਹਾਡੇ ਵੱਲੋਂ ਗੱਲਬਾਤ ਨਾਲ ਮਸਲਾ ਹੱਲ ਕਰਨ ਦਾ ਕਿਹਾ ਜਾ ਰਿਹਾ ਹੈ, ਦੂਜੇ ਪਾਸੇ ਸਾਡੇ ਨਾਲ ਇਸ ਤਰ੍ਹਾਂ ਨਾਲ ਪੇਸ਼ ਆਇਆ ਜਾ ਰਿਹਾ ਹੈ। ਮੀਟਿੰਗ ਦੌਰਾਨ ਡੇਢ ਤੋਂ 2 ਘੰਟੇ ਇਸ ਮੁੱਦੇ ‘ਤੇ ਹੀ ਬਹਿਸ ਹੁੰਦੀ ਰਹੀ। ਕਿਸਾਨ ਆਗੂਆਂ ਨੇ ਮੰਤਰੀਆਂ ਨੂੰ ਦੱਸਿਆ ਕਿ, ਜਦੋਂ ਅਸੀਂ ਸ਼ਾਂਤੀਪੂਰਵਕ ਗੱਲ ਕਰ ਰਹੇ ਹਾਂ ਤਾਂ ਸਾਡੇ ‘ਤੇ ਫਿਰ ਵੀ ਸ਼ੈਲਿੰਗ ਕੀਤੀ ਜਾ ਰਹੀ ਹੈ, ਤੁਹਾਡੀ ਫੋਰਸ ਸਾਨੂੰ ਉਕਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ‘ਤੇ ਬਲ ਪ੍ਰਯੋਗ ਹੋਵੇ, ਅਸੀਂ ਕੋਈ ਪਾਕਿਸਤਾਨੀ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਸਹਿਮਤੀ ਬਣੀ ਹੈ ਕਿ ਐਤਵਾਰ ਤਕ ਦੋਹਾਂ ਪਾਸਿਓਂ ਸੀਜ਼ਫ਼ਾਇਰ ਰਹੇਗਾ। ਕਿਸਾਨ ਵੀ ਸ਼ਾਂਤੀਪੂਰਨ ਢੰਗ ਨਾਲ ਉੱਥੇ ਬੈਠੇ ਰਹਿਣਗੇ ਤੇ ਪੁਲਸ ਵੱਲੋਂ ਵੀ ਸ਼ੈਲਿੰਗ ਨਹੀਂ ਕੀਤੀ ਜਾਵੇਗੀ।