ਫਿਲੌਰ, 14 ਫਰਵਰੀ 2024- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 16 ਫਰਵਰੀ ਦੇ ਭਾਰਤ ਬੰਦ ਦੀ ਤਿਆਰੀ ਲਈ ਅੱਜ ਇੱਥੇ ਦਿੱਲੀ ਮੋਰਚੇ ਦੇ ਸ਼ਹੀਦਾਂ ਦੀ ਯਾਦਗਰੀ ਦਫ਼ਤਰ ’ਚ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ’ਚ ਜਾਮ ਲਾਉਣ ਸਮੇਤ ਹੋਰ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ’ਚ ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਨਰੇਗਾ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਭਾਗ ਲਿਆ। ਮੀਟਿੰਗ ਉਪਰੰਤ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਦੱਸਿਆ ਕਿ 16 ਫਰਵਰੀ ਨੂੰ ਟਰਾਂਸਪੋਰਟ ਤੋਂ ਇਲਾਵਾ ਸਾਰੇ ਬਜ਼ਾਰ ਬੰਦ ਰਹਿਣਗੇ। ਇਸ ਤੋਂ ਇਲਾਵਾ ਦਿੱਲੀ ਜਾ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਵਰਕਰਾਂ ’ਤੇ ਹੋਏ ਜ਼ੁਲਮ ਦੀ ਨਿਖੇਧੀ ਕਰਦਿਆ ਰੋਸ ਪ੍ਰਗਟਾਉਣ ਲਈ ਕੱਲ੍ਹ 11 ਵਜੇ ਤੋਂ 2 ਵਜੇ ਤੱਕ ਟੌਲ ਪਲਾਜ਼ੇ ਫਰੀ ਕਰਵਾਏ ਜਾਣਗੇ।