ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਦੀ ਕੋਸ਼ਿਸ਼, ਭਗਦੜ ਦੌਰਾਨ ਕਿਸਾਨ ਖੇਤਾਂ ਵਿੱਚ
ਰਸਤੇ ‘ਚ ਰੋਕਾਂ ਹਟਾਉਣ ਵਿੱਚ ਕਿਸਾਨ ਕਾਮਯਾਬ
ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ‘ਤੇ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਤਾਜ਼ਾ ਅਪਡੇਟਸ ਮੁਤਾਬਕ ਵੱਡੇ-ਵੱਡੇ ਸੀਮੈਂਟ ਦੇ ਬੈਰੀਕੇਡਾਂ ਨੂੰ ਕਿਸਾਨਾਂ ਨੇ ਖਿਡੌਣਿਆਂ ਵਾਂਗ ਚੁੱਕ ਕੇ ਸੁੱਟ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਕੋਈ ਵੀ ਬੈਰੀਕੇਡਿੰਗ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕ ਨਹੀਂ ਸਕਦੀ।
ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਲਗਾਤਾਰ ਅੱਥਰੂ ਗੈਸ ਦੇ ਗੋਲੇ ਡਰੋਨ ਰਾਹੀ ਦਾਗੇ ਜਾ ਰਹੇ ਹਨ। ਇਸ ਵਿਚਾਲੇ ਕਿਸਾਨਾਂ ਵਿੱਚ ਭਗਦੜ ਮਚ ਗਈ ਤੇ ਕਿਸਾਨ ਪੰਜਾਬ-ਹਰਿਆਣਾ ਦੇ ਬਾਰਡਰ ‘ਤੇ ਖੇਤਾਂ ਵਿੱਚ ਵੜ ਗਏ। ਉਨ੍ਹਾਂ ਨੇ ਪੁਲਿਸ ‘ਤੇ ਪੱਥਰਬਾਜ਼ੀ ਵੀ ਕੀਤੀ। ਕਈ ਟਰੈਕਟਰ ਡਰਾਈਵਰਾਂ ਨੇ ਮਾਸਕ ਪਾ ਲਏ, ਤਾਂ ਜੋ ਉਨ੍ਹਾਂ ‘ਤੇ ਅੱਥਰੂ ਗੈਸ ਦਾ ਕੋਈ ਅਸਰ ਨਾ ਹੋਵੇ।
ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਫਲਾਈਵਰ ਦੇ ਸੇਫਟੀ ਬੈਰੀਅਰ ਨੂੰ ਤੋੜ ਦਿੱਤਾ। ਉਨ੍ਹਾਂ ਪੁਲਿਸ ਵੱਲੋਂ ਲਾਏ ਲੋਹੇ ਦੇ ਬੈਰੀਕੇਡਾਂ ਨੂੰ ਚੁੱਕ ਕੇ ਫਲਾਈਓਵਰ ਤੋਂ ਹੇਠਾਂ ਸੁੱਟ ਦਿੱਤਾ। ਇਸ ਮਗਰੋਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਨਾਲ ਹੀ ਕਿਸਾਨਾਂ ਨੂੰ ਉਥੋਂ ਹਟਾਉਣ ਲਈ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ।
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਪੰਜਾਬ ਹਰਿਆਣਾ ਦੀ ਹੱਦ ਉੱਪਰ ਹਰਿਆਣਾ ਪੁਲਿਸ ਵਲੋਂ ਸਖ਼ਤ ਨਾਕੇਬੰਦੀ ਕੀਤੀ ਹੋਈ ਹੈ ਤੇ ਇਧਰੋਂ ਪੰਜਾਬ ਵਾਲੇ ਪਾਸੇ ਤੋਂ ਕਿਸਾਨ ਜਾਣੇ ਸ਼ੁਰੂ ਹੋ ਗਏ ਸਨ। ਲਗਭਗ ਇਸ ਵੇਲੇ 15 ਤੋਂ 20 ਹਜ਼ਾਰ ਦਾ ਇਕੱਠ ਹੋ ਚੁੱਕਾ ਹੈ। ਸਾਰੇ ਕਿਸਾਨ ਬਾਰਡਰ ਵੱਲ ਅੱਗੇ ਵੱਧ ਰਹੇ ਹਨ, ਜਿਵੇਂ ਹੀ ਬੈਰੀਅਰ ਦੇ ਨੇੜੇ ਗਏ ਤਾਂ ਹਰਿਆਣਾ ਪੁਲਿਸ ਨੇ ਅਥਰੂ ਗੈਸ ਨੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ ਹਨ। ਬਾਰਡਰ ਦੇ ਉੱਪਰ ਸਥਿਤੀ ਇਸ ਵੇਲੇ ਤਣਾਅਪੂਰਨ ਬਣੀ ਹੋਈ ਹੈ।