ਗੁਰਾਇਆ, 16 ਫਰਵਰੀ 2024- ਭਾਰਤ ਬੰਦ ਦਾ ਐਕਸ਼ਨ ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦੇ ਹੱਲੇ ਖਿਲਾਫ ਦੇਸ਼ ਭਰ ਦੇ ਮਿਹਨਤਕਸ਼ ਲੋਕਾਂ ਦੀ ਏਕਤਾ ਤੇ ਸੰਘਰਸ਼ ਸਾਂਝ ਦਾ ਪ੍ਰਗਟਾਵਾ ਕਰਨ ਦੀ ਅੱਜ ਸਥਾਨਕ ਬਜ਼ਾਰਾਂ ‘ਚ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ। ਇਹਨਾਂ ਨੀਤੀਆਂ ਕਾਰਨ ਸਿਰਫ ਖੇਤੀ ਹੀ ਪ੍ਰਭਾਵਿਤ ਨਹੀਂ ਹੋਵੇਗੀ ਸਗੋਂ ਦੁਕਾਨਦਾਰਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਟਰਾਂਸਪੋਰਟਰਾਂ ‘ਤੇ ਸ਼ਿਕੰਜਾ ਵੀ ਇਨ੍ਹਾਂ ਨੀਤੀਆਂ ਕਾਰਨ ਹੀ ਕੱਸਿਆ ਜਾ ਰਿਹਾ ਹੈ।
ਅੱਜ ਗੁਰਾਇਆ ਦੇ ਸਥਾਨਕ ਬਜ਼ਾਰਾਂ ‘ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ, ਮੁਲਾਜ਼ਮ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਆਪੋ ਆਪਣੇ ਵਪਾਰਕ ਅਦਾਰੇ ਬੰਦ ਰੱਖਣ ਦੀ ਅਪੀਲ ਕੀਤੀ। ਦੇਸ਼ ਦੀਆਂ ਟਰੇਡ ਯੂਨੀਅਨਾਂ ਵੱਲੋਂ ਪਹਿਲਾਂ ਵੀ ਅਜਿਹੇ ਸੱਦੇ ਦਿੱਤੇ ਜਾਂਦੇ ਰਹੇ ਹਨ ਪਰ ਇਸ ਵਾਰ ਕਿਸਾਨਾਂ ਨੇ ਇਸ ਸੱਦੇ ਦੀ ਹਮਾਇਤ ਕੀਤੀ ਹੈ।
ਮੋਦੀ ਸਰਕਾਰ ਨੇ ਆਪਣੇ ਇਕ ਦਹਾਕੇ ਦੇ ਰਾਜ ਦੌਰਾਨ ਜਿਸ ਤਿੱਖੇ ਤੇ ਵਿਆਪਕ ਹੂੰਝੇ ਨਾਲ ਅਖੌਤੀ ਆਰਥਿਕ ਸੁਧਾਰਾਂ ਦਾ ਮਾਰੂ ਹੱਲਾ ਲਾਗੂ ਕੀਤਾ ਹੈ ਉਸਨੇ ਸਮਾਜ ਦੇ ਹਰ ਮਿਹਨਤਕਸ਼ ਵਰਗ ਦੀ ਲੁੱਟ ਹੋਰ ਤੇਜ਼ ਕੀਤੀ ਹੈ ਤੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਡੂੰਘੀਆਂ ਦੁਸ਼ਵਾਰੀਆਂ ‘ਚ ਧੱਕਿਆ ਹੈ। ਆਗੂਆਂ ਨੇ ਆਸ ਪ੍ਰਗਟਾਈ ਆਪਣੇ ਬਿਹਤਰ ਭਵਿੱਖ ਲਈ ਦੁਕਾਨਦਾਰ ਅਤੇ ਹੋਰ ਅਦਾਰੇ ਭਾਰਤ ਬੰਦ ਲਈ ਸਹਿਯੋਗ ਕਰਨਗੇ।