ਚੇਅਰਮੈਨ ਵਲੋਂ ਉਦਯੋਗਪਤੀਆਂ/ਵਪਾਰੀਆਂ ਨੂੰ ਵਨ ਟਾਈਮ ਸੈਟਲਮੈਂਟ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ
ਜਲੰਧਰ, 7 ਫਰਵਰੀ 2024-ਪੰਜਾਬ ਰਾਜ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਸੱਦਾ ਦਿੱਤਾ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਵਨ ਟਾਈਮ ਸੈਟਲਮੈਂਟ (ਓ.ਟੀ.ਐਯ.) ਨੀਤੀ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਕਿਉਂਕਿ ਇਸ ਨੀਤੀ ਤਹਿਤ ਅਪਲਾਈ ਕਰਨ ਦੀ ਆਖਰੀ ਮਿਤੀ 15 ਮਾਰਚ 2024 ਹੈ।
ਚੇਅਰਮੈਨ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉਘੇ ਉਦਯੋਗਪਤੀਆਂ/ਵਪਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਪੀਲ ਕੀਤੀ ਗਈ ਕਿ ਉਦਯੋਗ ਪੱਖੀ ਨੀਤੀਆਂ ਬਣਾਉਣ ਵਿੱਚ ਪੰਜਾਬ ਸਰਕਾਰ ਨਾਲ ਸਹਿਯੋਗ ਕੀਤਾ ਜਾਵੇ।
ਉਨ੍ਹਾਂ ਜ਼ਿਕਰ ਕੀਤਾ ਕਿ ਵਨ ਟਾਈਮ ਸੈਟਲਮੈਂਟ ਨੀਤੀ ਤਹਿਤ ਕੋਈ ਵੀ ਵੈਟ ਅਤੇ ਸੀ.ਐਸ.ਟੀ. ਦੀ ਇਕ ਕਰੋੜ ਦੀ ਬਕਾਇਆ ਰਕਮ ਨੂੰ 50 ਫੀਸਦੀ ਜਾਂ 100 ਫੀਸਦੀ ਮੁਆਫ਼ ਕਰਵਾਉਣ ਲਈ ਪੱਤਰ ਵਿਹਾਰ ਕਰ ਸਕਦਾ ਹੈ।
ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ ਵਲੋਂ ਉਦਯੋਗਿਕ ਪੱਖੀ ਨੀਤੀਆਂ ਬਣਾਉਣ ਲਈ ਕਮਿਸ਼ਨ ਰਾਹੀਂ ਵਪਾਰਕ ਅਦਾਰਿਆਂ ਦੇ ਵੱਡਮੁੱਲੇ ਵਿਚਾਰਾਂ ਅਤੇ ਫੀਡਬੈਡ ਲੈ ਕੇ ਇਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਵਲੋਂ ਇਸ ਮੌਕੇ ਮੀਟਿੰਗ ਵਿੱਚ ਹਾਜਰ ਉਦਯੋਗਪਤੀਆਂ ਵਲੋਂ ਉਠਾਏ ਗਏ ਵੱਖ-ਵੱਖ ਮੁੱਦਿਆਂ ਅਤੇ ਸ਼ਿਕਾਇਤਾਂ ਨੂੰ ਸੁਣਿਆ ਗਿਆ ਅਤੇ ਭਰੋਸਾ ਦੁਆਇਆ ਕਿ ਸਬੰਧਿਤ ਵਿਭਾਗਾਂ ਨੂੰ ਇਨਾਂ ਦਾ ਅਸਰਦਾਰ ਢੰਗ ਨਾਲ ਨਿਪਟਾਰਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।
ਇਸ ਮੌਕੇ ਪੰਜਾਬ ਸਟੇਟ ਕੰਟੇਨਰ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਮੈਂਬਰ ਡਾ. ਅਨਿਲ ਭਾਰਦਵਾਜ, ਇੰਦਰਵੰਸ਼ ਚੱਡਾ ਅਤੇ ਹਰਿੰਦਰਪਾਲ ਸਿੰਘ, ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਸਟੇਟ ਜੀ.ਐਸ.ਟੀ. ਵਿਭਾਗ ਦੇ ਅਧਿਕਾਰੀਆਂ ਵਲੋਂ ਜਲੰਧਰ ਪਹੁੰਚਣ ’ਤੇ ਚੇਅਰਮੈਨ ਦਾ ਸਵਾਗਤ ਕੀਤਾ ਗਿਆ।