ਜਲੰਧਰ, 2 ਫਰਵਰੀ 2024-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ 4 ਫਰਵਰੀ ਨੂੰ ਭੋਗਪੁਰ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਸਿਹਤ ਅਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਥਾਰਟੀ ਵੱਲੋਂ ਆਪਣੇ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿੱਚ ਪੂਰੇ ਜ਼ਿਲ੍ਹੇ ਵਿੱਚ ਇੱਕ ਵਿਆਪਕ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ।
ਇਸ ਸਬੰਧੀ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਿਰਭਉ ਸਿੰਘ ਗਿੱਲ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਬੀ.ਡੀ.ਪੀ.ਓਜ਼ ਅਤੇ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ।
ਸਿਵਲ ਹਸਪਤਾਲ ਜਲੰਧਰ ਤੋਂ ਕੈਂਸਰ ਮਾਹਰ ਪ੍ਰਭਸ਼ਰਨ ਕੌਰ ਨੇ ਦੱਸਿਆ ਕਿ ਕੈਂਸਰ ਦੇ ਸਾਰੇ ਮਰੀਜ਼ ਮੁੱਖ ਮੰਤਰੀ, ਪੰਜਾਬ ਕੈਂਸਰ ਰਾਹਤ ਫੰਡ ਯੋਜਨਾ ਦੇ ਲਾਭ ਦੇ ਹੱਕਦਾਰ ਹਨ, ਜਿਸ ਵਿੱਚ ਉਨ੍ਹਾਂ ਨੂੰ 1,50,000 ਰੁਪਏ ਤੱਕ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਕੈਂਸਰ ਦੇ ਮਰੀਜ਼ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵਿੱਚ ਇਲਾਜ ਲਈ ਟੈਸਟ ਅਤੇ ਦਵਾਈਆਂ ਸ਼ਾਮਲ ਹਨ। ਜਾਂਚ ਤੋਂ ਤੁਰੰਤ ਬਾਅਦ ਸਰਕਾਰੀ ਹਸਪਤਾਲਾਂ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਇਲਾਜ ਸ਼ੁਰੂ ਕੀਤਾ ਜਾਵੇਗਾ।
ਸਕੱਤਰ ਡੀ.ਐਲ.ਐਸ.ਏ. ਜਲੰਧਰ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਹੁਤ ਆਸਾਨ ਹੈ। ਮਰੀਜ਼ ਜਾਂ ਉਸਦੇ ਪਰਿਵਾਰਕ ਮੈਂਬਰ ਨਿਰਧਾਰਿਤ ਪ੍ਰੋਫਾਰਮੇ ‘ਤੇ ਜ਼ਿਲ੍ਹੇ ਦੇ ਮੈਡੀਕਲ ਸੁਪਰਡੈਂਟ/ਸਿਵਲ ਸਰਜਨ ਨੂੰ ਜ਼ਰੂਰੀ ਦਸਤਾਵੇਜ਼ਾਂ ਜਿਵੇਂ ਕਿ ਡਾਕਟਰ ਵੱਲੋਂ ਤਸਦੀਕ ਕੈਂਸਰ ਦੀ ਪਛਾਣ ਹੋਣ ਸੰਬੰਧੀ ਰਿਪੋਰਟ ਦੀ ਕਾਪੀ, ਜੇਕਰ ਪਹਿਲਾਂ ਕੋਈ ਸਹਾਇਤਾ ਲਈ ਗਈ ਹੈ ਤਾਂ ਪ੍ਰਵਾਨਗੀ ਦੇ ਆਦੇਸ਼ ਦੀ ਕਾਪੀ, ਜਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਤੋਂ ਇਲਾਜ ਦੇ ਖਰਚੇ ਦਾ ਅਨੁਮਾਨ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਸਵੈ ਘੋਸ਼ਣਾ ਸਮੇਤ ਅਰਜ਼ੀ ਦੇ ਸਕਦੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਇਸ ਸਕੀਮ ਦਾ ਲਾਭ ਲੈਣ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਸੰਪਰਕ ਕਰ ਸਕਦਾ ਹੈ ਅਤੇ ਉਸਦਾ ਕੇਸ ਸਬੰਧਤ ਅਧਿਕਾਰੀਆਂ ਪਾਸ ਲੋੜੀਂਦੀ ਕਾਰਵਾਈ ਲਈ ਉਠਾਇਆ ਜਾਵੇਗਾ। ਮੁਹਿੰਮ ਦੌਰਾਨ ਲੋਕਾਂ ਨੂੰ ਕੈਂਸਰ ਦੇ ਮਰੀਜ਼ਾਂ ਲਈ ਵਿੱਤੀ ਸਹਾਇਤਾ ਸਕੀਮ ਦੇ ਨਾਲ-ਨਾਲ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ, ਇਸ ਦੀ ਰੋਕਥਾਮ ਅਤੇ ਇਲਾਜ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ। ਪ੍ਰਫਾਰਮੇ, ਸਵੈ-ਘੋਸ਼ਣਾ ਪੱਤਰ ਅਤੇ ਦਸਤਾਵੇਜ਼ਾਂ ਦੀ ਜਾਂਚ ਸੂਚੀ ਵਾਲੇ ਪੈਂਫਲੈੱਟ ਵੀ ਵੰਡੇ ਜਾਣਗੇ, ਜੋ ਇਸ ਸਕੀਮ ਅਧੀਨ ਸਹਾਇਤਾ ਲਈ ਬਿਨੈ ਕਰਨ ਵਿੱਚ ਮਰੀਜ਼ਾਂ ਲਈ ਮਦਦਗਾਰ ਹੋਣਗੇ।