ਲੁਧਿਆਣਾ 29 ਜਨਵਰੀ 2024 – ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੇ ਤਾਲਮੇਲ ਵਲੋਂ ਦਿੱਤੇ 16 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਜ਼ੋਰਦਾਰ ਤਿਆਰੀਆਂ ਵਿੱਢਣ ਲਈ ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬਲਵੀਰ ਸਿੰਘ ਰਾਜੇਵਾਲ, ਨਿਰਭੈ ਸਿੰਘ ਢੁੱਡੀਕੇ ਅਤੇ ਜੰਗਵੀਰ ਸਿੰਘ ਚੌਹਾਨ ਨੇ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਧਰਮ ਪਤਨੀ ਬੀਬੀ ਹਰਜੀਤਇੰਦਰ ਕੌਰ ਅਤੇ ਕਿਸਾਨ ਆਗੂ ਭੁਪਿੰਦਰ ਸਿੰਘ ਦੇ ਅਕਾਲ ਚਲਾਣੇ ਕਰ ਜਾਣ ਤੇ ਸ਼ੋਕ ਮਤਾ ਪਾਉਣ ਉਪਰੰਤ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਇਹ ਫੈਸਲਾ ਕਰਕੇ 16 ਫਰਵਰੀ ਦੇ ਬੰਦ ਨੂੰ ਸਫਲ ਬਣਾਉਣ ਲਈ ਵੱਖ-ਵੱਖ ਪ੍ਰੋਗਰਾਮ ਬਣਾਉਦਿਆਂ ਸਮਾਜ ਦੇ ਸਾਰੇ ਵਰਗਾਂ ਅਤੇ ਜਥੇਬੰਦੀਆਂ ਨਾਲ ਤਾਲਮੇਲ ਕਰਨ ਤੇ ਸਹਿਯੋਗ ਲੈਣ ਲਈ ਕਿਸਾਨ ਤੇ ਟਰੇਡ ਜਥੇਬੰਦੀਆਂ ਨੇ ਮਿਲ ਕੇ 31 ਜਨਵਰੀ ਨੂੰ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ 11 ਵਜੇ ਇੱਕ ਵੱਡੀ ਮੀਟਿੰਗ ਸੱਦੀ ਹੈ। ਜਿਸ ਵਿੱਚ ਸ਼ਾਮਿਲ ਹੋਣ ਲਈ ਆੜਤੀ ਐਸੋਸੀਏਸ਼ਨਾਂ, ਟਰਾਂਸਪੋਰਟ ਨਾਲ ਜੁੜੀਆਂ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ, ਨੌਜਵਾਨ, ਔਰਤ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਸੱਦਾ ਭੇਜਿਆ ਗਿਆ ਹੈ।
ਜਿਲਾ ਪੱਧਰ ਤੇ 2 ਫਰਵਰੀ ਅਤੇ ਤਹਿਸੀਲ ਪੱਧਰ ਤੇ 5 ਫਰਵਰੀ ਨੂੰ ਮੀਟਿੰਗਾਂ ਕੀਤੀਆਂ ਜਾਣਗੀਆਂ। ਮੋਰਚੇ ਨੇ 16 ਫਰਵਰੀ ਲਈ ਸਮਰਥਨ ਲੈਣ ਲਈ ਪੰਜਾਬ ਭਰ ਵਿੱਚ ਵੱਖ-ਵੱਖ ਵਪਾਰ ਮੰਡਲਾਂ ਤੱਕ ਪਹੁੰਚ ਕਰਨ ਦਾ ਫੈਸਲਾ ਵੀ ਕੀਤਾ ਹੈ। ਕਿਸਾਨਾਂ ਦੀ ਪਿੰਡ ਪੱਧਰ ਤੱਕ ਵਿਸ਼ਾਲ ਲਾਮਬੰਦੀ ਕਰਨ 9 ਫਰਵਰੀ ਨੂੰ ਤਹਿਸੀਲ ਪੱਧਰ ਤੇ ਰੋਸ ਮਾਰਚ ਕਰਨ ਦਾ ਫੈਸਲਾ ਵੀ ਕੀਤਾ ਗਿਆ। 32 ਕਿਸਾਨ ਜਥੇਬੰਦੀਆਂ ਨੇ ਬੰਦ ਨੂੰ ਸਫਲ ਕਰਨ ਲਈ 16 ਫਰਵਰੀ ਵਾਲੇ ਦਿਨ ਨੂੰ ਜਿਲਾ ਤੇ ਤਹਿਸੀਲ ਕੇਂਦਰਾਂ, ਪ੍ਰਮੁੱਖ ਸੜਕਾਂ ਅਤੇ ਚੌਕਾਂ’ ਤੇ ਵੱਡੇ ਇਕੱਠ ਕਰਕੇ ਜਾਮ ਕਰਨ ਦਾ ਫੈਸਲਾ ਵੀ ਕੀਤਾ। ਇਸ ਮੌਕੇ ਬਰਾਤਾਂ, ਮਰੀਜ਼ਾਂ ਅਤੇ ਮੌਤ ਨਾਲ ਸਬੰਧਤ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਨੂੰ ਛੋਟ ਦੇਣ ਦਾ ਫੈਸਲਾ ਕਰਦੇ ਹੋਏ ਜਲਦੀ ਹੀ ਇਸ ਸਬੰਧੀ ਦਿਸ਼ਾ ਨਿਰਦੇਸ਼ ਦਿੰਦਾ ਇੱਕ ਪੱਤਰ ਹਰੇਕ ਇਕਾਈ ਪੱਧਰ ਤੱਕ ਜਾਰੀ ਕੀਤਾ ਜਾਵੇਗਾ।
ਮੀਟਿੰਗ ਵਿੱਚ ਖੇਤੀ ਸੰਦਾਂ ਦੇ ਵਿੱਚ ਹੋਏ ਘਪਲੇ ਦੇ ਮਾਮਲੇ ਸਬੰਧੀ ਛੋਟੇ ਮੁਲਾਜ਼ਮਾਂ ਤੇ ਕਾਰਵਾਈ ਦੀ ਨੀਤੀ ਨੂੰ ਮਾਮਲੇ ਤੋਂ ਧਿਆਨ ਭਟਕਾਉਣ ਦੇ ਤੁੱਲ ਦੱਸਦਿਆਂ ਇਸ ਘਪਲੇ ਦੇ ਅਸਲ ਦੋਸ਼ੀਆਂ ਤੱਕ ਪਹੁੰਚਣ ਲਈ ਨਿਰਪੱਖ ਜਾਂਚ ਪੜਤਾਲ ਦੀ ਮੰਗ ਵੀ ਕੀਤੀ ਗਈ ਹੈ।