Breaking
Fri. Mar 28th, 2025

ਪੰਜਾਬ ਦੀਆਂ ਝਾਕੀਆਂ ਦਾ ਫਿਲੌਰ ਅਤੇ ਨਕੋਦਰ ਪਹੁੰਚਣ ’ਤੇ ਲੋਕਾਂ ਨੇ ਕੀਤਾ ਭਰਵਾਂ ਸਵਾਗਤ

ਸੂਬੇ ਦੇ ਸ਼ਾਨਦਾਰ ਇਤਿਹਾਸ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਨਿਵੇਕਲੀ ਪਹਿਲ ਦੱਸਿਆ
ਫਿਲੌਰ /ਜਲੰਧਰ, 28 ਫਰਵਰੀ 2024-ਪੰਜਾਬ ਦੇ ਸ਼ਾਨਦਾਰ ਇਤਿਹਾਸ ਨੂੰ ਰੂਪਮਾਨ ਕਰਦੀਆਂ ਝਾਕੀਆਂ ਅੱਜ ਐਤਵਾਰ ਨੂੰ ਜਲੰਧਰ ਪੁੱਜੀਆਂ ਜਿਥੇ ਫਿਲੌਰ ਅਤੇ ਨਕੋਦਰ ਵਿੱਚ ਲੋਕਾਂ ਦੁਆਰਾ ਇਨਾਂ ਝਾਕੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ’ਤੇ ਐਸ.ਡੀ.ਐਮ. ਫਿਲੌਰ ਅਮਨਪਾਲ ਸਿੰਘ ਅਤੇ ਐਸ.ਡੀ.ਐਮ. ਨਕੋਦਰ ਗੁਰਸਿਮਰਨ ਸਿੰਘ ਢਿਲੋਂ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਇਨਾਂ ਝਾਕੀਆਂ ਦਾ ਇਥੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ।

ਸੋਮਵਾਰ ਨੂੰ ਇਹ ਝਾਕੀਆਂ ਨਕੋਦਰ, ਲਾਂਬੜਾ ਹੁੰਦੇ ਹੋਏ ਜਲੰਧਰ ਦੇ ਨਕੋਦਰ ਚੌਕ ਪਹੁੰਚਣਗੀਆਂ ਜਿਥੇ ਇਹ ਅੰਮ੍ਰਿਤਸਰ ਲਈ ਰਵਾਨਾ ਹੋਣਗੀਆਂ। ਇਨ੍ਹਾਂ ਝਾਕੀਆਂ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਨ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੀ ਕੁਰਬਾਨੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਨੂੰ ਦਿਖਾਇਆ ਗਿਆ ਹੈ।

ਇਸੇ ਤਰ੍ਹਾਂ ਦੂਜੀ ਝਾਕੀ ਜ਼ਰੀਏ ਨਾਰੀ ਸਸ਼ਕਤੀਕਰਨ (ਮਾਈ ਭਾਗੋ ਦੀ ਸੂਰਮਗਤੀ ) ਅਤੇ ਮਾਈ ਭਾਗੋ ਆਰਮਡ ਫੋਰਸਜ ਪ੍ਰੀਪੇਟਰੀ ਇੰਸਟੀਚਿਊਟ ਫਾਰ ਗਰਲਜ਼ ਦੁਆਰਾ ਵੱਖ-ਵੱਖ ਖੇਤਰਾਂ ਵਿੱਚ ਨਾਮ ਰੌਸ਼ਨ ਕਰਨ ਵਾਲੀਆਂ ਮਹਿਲਾਵਾਂ ਨੂੰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਤੀਜੀ ਝਾਕੀ ਦੇ ਰਾਹੀਂ ਪੰਜਾਬ ਦੀ ਅਮੀਰ ਵਿਰਾਸਤ ਅਤੇ ਸਭਿਆਚਾਰ ਦੀ ਇਕ ਝਲਕ ਪੇਸ਼ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਇਹ ਝਾਕੀਆਂ ਅੱਜ ਜਲੰਧਰ ਜ਼ਿਲ੍ਹੇ ਵਿੱਚ ਪਹੁੰਚੀਆਂ ਹਨ ਤਾਂ ਕਿ ਆਮ ਲੋਕ ਵੀ ਇਨਾਂ ਝਾਕੀਆਂ ਦੇ ਬਾਰੇ ਜਾਣਕਾਰੀ ਹਾਸਿਲ ਕਰ ਸਕਣ। ਇਹ ਉਪਰਾਲਾ ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੀ ਭੂਮਿਕਾ ਦੇ ਬਾਰੇ ਜਾਣਕਾਰੀ ਦੇਣ ਵਿੱਚ ਮੀਲ ਪੱਥਰ ਸਾਬਿਤ ਹੋਵੇਗਾ।

ਇਨ੍ਹਾਂ ਝਾਕੀਆਂ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਸ ਦੇ ਸਦਕਾ ਉਨਾਂ ਨੂੰ ਪੰਜਾਬ ਦੇ ਮਹਾਨ ਗੌਰਵਸ਼ਾਲੀ ਇਤਿਹਾਸ, ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੇ ਯੋਗਦਾਨ ਅਤੇ ਨਾਰੀ ਸ਼ਸਕਤੀਕਰਨ ਦੀ ਝਲਕ ਇਕੱਠੇ ਦੇਣ ਨੂੰ ਮਿਲੀ।

ਐਤਵਾਰ ਨੂੰ ਇਹ ਝਾਕੀਆਂ ਫਿਲੌਰ ਤੋਂ ਹੁੰਦੇ ਹੋਏ ਗੁਰਾਇਆ ਅਤੇ ਜੰਡਿਆਲਾ ਪਹੁੰਚੀਆਂ ਜਿਥੇ ਲੋਕਾਂ ਨੇ ਇਨਾਂ ਝਾਕੀਆਂ ਦਾ ਭਰਪੂਰ ਸਵਾਗਤ ਕੀਤਾ। ਇਸ ਦੇ ਬਾਅਦ ਇਹ ਝਾਕੀਆਂ ਨਕੋਦਰ ਪਹੁੰਚੀਆਂ ਜਿਥੇ ਵੀ ਵੱਡੀ ਗਿਣਤੀ ਵਿੱਚ ਲੋਕਾਂ ਖਾਸਕਰ ਸਕੂਲਾਂ ਦੇ ਵਿਦਿਆਰਥੀ ਇਹ ਝਾਕੀਆਂ ਦੇਖਣ ਨੂੰ ਪਹੁੰਚੇ। ਸੋਮਵਾਰ ਨੂੰ ਇਹ ਝਾਕੀਆਂ ਨਕੋਦਰ ਸੜਕ ਰਾਹੀਂ ਹੁੰਦੇ ਹੋਏ ਜਲੰਧਰ ਸ਼ਹਿਰ ਪਹੁੰਚਣਗੀਆਂ ਅਤੇ ਇਥੇ ਇਹ ਅੰਮ੍ਰਿਤਸਰ ਜ਼ਿਲ੍ਹੇ ਲਈ ਆਪਣੇ ਸਫ਼ਰ ਦੀ ਸ਼ੁਰੂਆਤ ਕਰਨਗੀਆਂ।

By admin

Related Post

Leave a Reply

Your email address will not be published. Required fields are marked *