ਜਲੰਧਰ, 24 ਜਨਵਰੀ 2024-ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੁੱਧਵਾਰ ਨੂੰ ਸਥਾਨਕ ਰੈੱਡ ਕਰਾਸ ਭਵਨ ਵਿਖੇ ਨਿਵੇਕਲੀ ਪਹਿਲ ਕਰਦਿਆਂ ‘ਧੀਆਂ ਦੀ ਲੋਹੜੀ’ ਮਨਾਈ ਗਈ।

ਇਸ ਮੌਕੇ ਵਿਭਾਗ ਵੱਲੋਂ 101 ਬੱਚੀਆਂ ਨੂੰ ਬੇਬੀ ਸੂਟ, ਬੇਬੀ ਕੰਬਲ ਅਤੇ ਮਠਿਆਈ ਸਮੇਤ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ । ਸਮਾਗਮ ਦੌਰਾਨ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਬੱਚਿਆਂ ਨੇ ਇਸ ਤਿਉਹਾਰ ਦੀ ਮਹੱਤਤਾ ਨੂੰ ਦਰਸਾਉਂਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਵੀ ਦਿੱਤੀਆਂ।
ਪੰਜਾਬ ਰਾਜ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ ਅਤੇ ਆਪ ਆਗੂ ਹਰਪ੍ਰੀਤ ਕੌਰ ਨੇ ਕਿਹਾ ਕਿ ਧੀਆਂ ਦੀ ਲੋਹੜੀ ਬਹੁਤ ਵਧੀਆ ਉਪਰਾਲਾ ਹੈ, ਜੋ ਸਾਡੇ ਸਮਾਜ ਵਿੱਚ ਲੜਕੀਆਂ ਦੀ ਤਕਦੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦਾ ਹੈ।
ਇਸ ਦੌਰਾਨ ਦਿਵਿਆਂਗ ਦਿਵਸ ਮਨਾਉਂਦਿਆਂ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਟਰਾਈਸਾਈਕਲ ਅਤੇ ਵ੍ਹੀਲ ਚੇਅਰਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੇ ਭਾਰਤੀ, ਐਲ.ਪੀ.ਓ. ਸੰਦੀਪ ਕੁਮਾਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਡੀ.ਪੀ.ਓ. ਮਨਜਿੰਦਰ ਸਿੰਘ ਨੇ ਸਮਾਗਮ ਵਿੱਚ ਪਹੁੰਚਣ ’ਤੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ।