ਕੈਨੇਡਾ/ਟਰਾਂਟੋ, 23 ਜਨਵਰਿ 2024 (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵਲੋਂ ਅੱਜ ਕੀਤੇ ਐਲਾਨ ਮੁਤਾਬਿਕ ਸਤੰਬਰ 2024 ਤੋਂ ਸਿਰਫ ਐਮ.ਏ. ਜਾਂ ਪੀ.ਐਚ. ਡੀ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਓਪਨ ਵਰਕ ਪਰਮਿਟ ਮਿਲੇਗਾ। ਐਮ.ਏ. ਤੋਂ ਹੇਠਾਂ (12ਵੀਂ, +2 ਤੋਂ ਬਾਅਦ ਕੋਈ ਕੋਰਸ) ਦੇ ਸਪਾਊਸ ਵਾਸਤੇ ਵਰਕ ਪਰਮਿਟ ਨੀਤੀ ਵੀ ਬੰਦ ਕੀਤੀ ਜਾ ਰਹੀ ਹੈ। ਇਸ ਦਾ ਸਿੱਧਾ ਭਾਵ ਹੈ ਕਿ ਹੁਣ 12ਵੀਂ ਪਾਸ ਕਰਨ ਮਗਰੋਂ ਪੰਜਾਬ ਤੋਂ ਕੈਨੇਡਾ ਦਾ ਸਟੱਡੀ ਪਰਮਿਟ ਲੈਣ ਵਾਸਤੇ ਲੋਕਾਂ ਦੀ ਤਤਪਰਤਾ ਘੱਟ ਹੋ ਜਾਵੇਗੀ ਅਤੇ ਸੰਭਵ ਹੈ ਕਿ ਬੀ. ਏ, ਆਪਣੇ ਘਰੀਂ ਰਹਿ ਕੇ ਪਾਸ ਕਰਨ ਮਗਰੋਂ ਕੈਨੇਡਾ ਦਾ ਰਾਹ ਪਛਾਨਣ ਦਾ ਹੋਕਾ ਹੁਣ ਉਨ੍ਹਾਂ ਦੇ ਸਮਝ ਪੈ ਜਾਵੇ। ਤੁਸੀਂ ਦੇਖ ਲੈਣਾ, ਅਗਲੇ ਸਾਲਾਂ ਵਿੱਚ ਕੈਨੇਡਾ ਨੂੰ ਨਿਕਲ ਜਾਣ ਦੀ ਅੰਨ੍ਹੇਵਾਹ ਦੌੜ ਤੇ ਕੰਟਰੈਕਟ ਮੈਰਜਾਂ ਦੇ ਡਰਾਮਿਆਂ ਦੀ ਭੇਡਚਾਲ ਵੀ ਡੱਕੀ ਜਾਵੇਗੀ। ਇਹ ਵੀ ਕਿ ਕੈਨੇਡਾ ਤੋਂ ਡੱਬਾਬੰਦ ਲਾਸ਼ਾਂ ਪੰਜਾਬ ਜਾਣ ਦਾ ਸਿਲਸਿਲਾ ਆਪਣੇ ਆਪ ਰੁਕਦਾ ਨਜ਼ਰ ਪਵੇਗਾ। ਕੈਨੇਡਾ ਸਰਕਾਰ ਵਲੋਂ ਸਟੱਡੀ ਪਰਮਿਟ ਦੇ ਬੇਲਗਾਮ ਚੋਗਿਆਂ ਨਾਲ਼ ਸਭ ਤੋਂ ਵੱਧ ਨੁਕਸਾਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹੋਇਆ ਹੈ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।