ਜਲੰਧਰ, 16 ਜਨਵਰੀ 2024-ਡਿਪਟੀ ਕਮਿਸ਼ਨਰ ਪੁਲਿਸ ਅੰਕੁਰ ਗੁਪਤਾ ਵਲੋਂ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ੋਰ ਪ੍ਰਦੂਸ਼ਣ ਦੀ ਰੋਕਥਾਮ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਿਸ ਦੀ ਹਦੂਦ ਅੰਦਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਰਿਹਾਇਸ਼ੀ ਖੇਤਰਾਂ ਅੰਦਰ ਹਾਰਨ ਵਜਾਉਣ ’ਤੇ ਪਾਬੰਦੀ ਲਗਾਈ ਹੈ। ਇਸੇ ਤਰ੍ਹਾਂ ਸਾਊਂਡ ਸਿਸਟਮ ਦੀ ਅਵਾਜ਼ 7.5 ਡੀ.ਬੀ.(ਏ) ਅਤੇ ਲਾਊਡ ਸਪੀਕਰਾਂ, ਪਟਾਕਿਆਂ ਅਤੇ ਸ਼ੌਰ ਪੈਦਾ ਕਰਨ ਵਾਲੇ ਯੰਤਰਾਂ ਦੀ ਅਵਾਜ਼ ਤੈਅ ਸੀਮਾ ਤੱਕ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਪੁਲਿਸ ਨੇ ਜਾਰੀ ਹੁਕਮਾਂ ਤਹਿਤ ਜਨਤਕ ਥਾਵਾਂ ਦੀ ਹੱਦ ਨੇੜੇ ਪਟਾਕਿਆਂ ਅਤੇ ਲਾਊਡ ਸਪੀਕਰ ਆਦਿ ਦੀ ਅਵਾਜ਼ 10 ਡੀ.ਬੀ. (ਏ) ਤੋਂ ਵੱਧ ਨਾ ਹੋਣ ਜਾਂ ਇਲਾਕੇ ਅਨੁਸਾਰ 7.5 ਡੀ.ਬੀ.(ਏ) ਜਾਂ ਦੋਵਾਂ ਵਿਚੋਂ ਜਿਹੜੀ ਘੱਟ ਹੋਵੇ, ਮੁਤਾਬਿਕ ਰੱਖਣ ਦੇ ਹੁਕਮ ਦਿੱਤੇ ਹਨ। ਹੁਕਮਾਂ ਅਨੁਸਾਰ ਕੋਈ ਵੀ ਵਿਅਕਤੀ ਰਾਤ 10 ਵਜੇ ਤੋਂ ਸਵੇਰੇ 06 ਵਜੇ ਦੇ ਦਰਮਿਆਨ ਢੋਲ ਜਾਂ ਭੋਂਪੂ , ਅਵਾਜ਼ ਪੈਦਾ ਕਰਨ ਵਾਲਾ ਕੋਈ ਯੰਤਰ, ਸਾਊਂਡ ਐਂਪਲੀਫਾਇਰ ਨਹੀਂ ਵਜਾ ਸਕੇਗਾ ਅਤੇ ਮੈਰਿਜ ਪੇਲੈਸਾਂ ਤੇ ਹੋਟਲਾਂ ਵਿੱਚ ਵੀ ਇਹ ਹੁਕਮ ਲਾਗੂ ਹੋਣਗੇ। ਇਸੇ ਤਰ੍ਹਾਂ ਪ੍ਰਾਈਵੇਟ ਸਾਊਂਡ ਸਿਸਟਮ ਵਾਲਿਆਂ ਵਲੋਂ 7.5 ਡੀ.ਬੀ.(ਏ) ਤੋਂ ਵੱਧ ਅਵਾਜ਼ ਨਹੀਂ ਰੱਖੀ ਜਾਵੇਗੀ ਅਤੇ ਜੇਕਰ ਇਨਾਂ ਹੁਕਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਸਾਊਂਡ ਸਿਸਟਮ ਅਤੇ ਸਮਾਨ ਜਬਤ ਕੀਤਾ ਜਾ ਸਕੇਗਾ। ਇਹ ਹੁਕਮ 13.04.2024 ਤੱਕ ਲਾਗੂ ਰਹੇਗਾ।
ਡਿਪਟੀ ਕਮਿਸ਼ਨਰ ਪੁਲਿਸ ਵਲੋਂ ਅਵਾਜ਼ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਹੁਕਮ ਜਾਰੀ
