ਨਾਭਾ, 15 ਜਨਵਰੀ 2024- ਪੰਜਾਬ ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਅੱਜ ਅਦਾਲਤ ਦੇ ਹੁਕਮਾਂ ਨਾਲ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤੇ ਗਏ। ਇਸ ਮੌਕੇ ਪਾਰਟੀ ਵਰਕਰਾਂ ’ਚ ਖੁਸ਼ੀ ਦਾ ਮਾਹੌਲ ਸੀ ਅਤੇ ਪਾਰਟੀ ਵਰਕਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਭਾਂਵੇ ਕਿ ਇਸ ਮੌਕੇ ਤੇ ਕਾਂਗਰਸ ਦਾ ਵੱਡਾ ਆਗੂ ਨਹੀ ਪੁੱਜਾ।
ਚੰਡੀਗੜ ਵਿਚ ਸਥਿਤ ਰਹਿਸ਼ ਤੋਂ ਜਲਾਲਾਬਾਦ ਪੁਲਿਸ 2015 ਨਾਲ ਸਬੰਧਤ ਮਾਮਲੇ ਚ ਸੁਖਪਾਲ ਸਿੰਘ ਖਹਿਰਾ ਨੂੰ ਗ੍ਰਿਫਤਾਰ ਕਰਕੇ ਲੈ ਗਈ ਸੀ। ਉਹ ਕਰੀਬ 110 ਦਿਨ ਜੇਲ੍ਹ ’ਚ ਬੰਦ ਰਹੇ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸਮਰਥਕਾਂ ਅਤੇ ਸ਼ੁਭ ਚਿੰਤਕਾਂ ਦਾ ਧੰਨਵਾਦ ਕਰਦਿਆਂ ਹੋਇਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸਿਆਸੀ ਬਦਲਾਖੋਰੀ ਅਧੀਨ ਮੇਰੀ ਬੈਰਕ ’ਚ ਪੰਜਾਬ ਸਰਕਾਰ ਵਲੋਂ ਕੈਮਰੇ ਲਗਾਏ ਗਏ ਸਨ ਤੇ ਪਲ-ਪਲ ਮੇਰੇ ਉੱਤੇ ਨਜ਼ਰ ਰੱਖੀ ਜਾ ਰਹੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਇੰਨੀ ਘਟੀਆ ਰਾਜਨੀਤੀ ਮੈਂ ਆਪਣੀ ਜ਼ਿੰਦਗੀ ’ਚ ਨਹੀਂ ਦੇਖੀ, ਅਤੇ ਜੋ ਮੈਂ ਸੱਚਾਈ ਤੇ ਚੱਲਿਆ ਹਾਂ ਅਤੇ ਮੈਨੂੰ ਉਸ ਦਾ ਫਲ ਮਿਲਿਆ ਹੈ ਪਰ ਮੈਂ ਇਨ੍ਹਾਂ ਪਰਚਿਆ ਤੋਂ ਨਹੀਂ ਡਰਦਾ, ਜੋ ਮੇਰੇ ਤੇ ਐਨ.ਡੀ.ਪੀ.ਸੀ. ਐਕਟ ਦਾ ਮਾਮਲਾ ਦਰਜ ਕੀਤਾ ਹੈ। ਇਹ ਬਿਲਕੁਲ ਬੁਨਿਆਦ ਅਤੇ ਤੱਥਾਂ ਤੋਂ ਦੂਰ ਹੈ ਅਤੇ ਬੀਤੇ ਦਿਨੀਂ ਮੈਨੂੰ ਜ਼ਮਾਨਤ ਮਿਲਣ ਤੋਂ ਬਾਅਦ ਫਿਰ ਦੁਬਾਰਾ ਮੇਰੇ ’ਤੇ ਇਕ ਹੋਰ ਪਰਚਾ ਦਰਜ ਕੀਤਾ ਗਿਆ ਜੋ ਕਿ ਬਿਲਕੁਲ ਝੂਠ ਦੇ ਆਧਾਰ ’ਤੇ ਹੈ।
ਖਹਿਰਾ ਦੀ ਰਿਹਾਈ ਮੌਕੇ ਪੰਜਾਬ ਕਾਂਗਰਸ ਦਾ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਨਹੀਂ ਪਹੁੰਚਿਆ, ਜਿਸ ਕਾਰਨ ਕਾਂਗਰਸ ਪਾਰਟੀ ਦੇ ਮੌਕੇ ਤੇ ਹਾਜ਼ਰ ਵਰਕਰਾਂ ’ਚ ਨਿਰਾਸ਼ਾ ਦਾ ਮਾਹੌਲ ਸੀ।
ਦੂਜੇ ਪਾਸੇ, ਸੁਖਪਾਲ ਖਹਿਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਕੋਰਟ ਵਿੱਚ ਪਾਈ ਪਟੀਸ਼ਨ ਵਿੱਚ ਉਕਤ ਕੇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਜਿਸ ਦੀ ਅੱਜ ਸੁਣਵਾਈ ਵੀ ਹੋਈ ਹੈ। ਮਹਿਤਾਬ ਨੇ ਦੱਸਿਆ ਕਿ ਹਾਈਕੋਰਟ ਨੇ ਪੁਲਿਸ ਨੂੰ 22 ਤਰੀਕ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।