ਜਮੀਨੀ ਝਗੜੇ ਦੌਰਾਨ ਭਰਜਾਈ ਦੀ ਹੋ ਗਈ ਮੌਤ
ਫ਼ਤਿਹਗੜ੍ਹ ਸਾਹਿਬ, 15 ਜਨਵਰੀ 2024- ਪੰਜਾਬੀ ਗਾਇਕ ਸਤਵਿੰਦਰ ਬੁੱਗਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਉਸ ਦਾ ਆਪਣੇ ਭਰਾ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ, ਜਿਸ ਦੌਰਾਨ ਧੱਕਾ ਲੱਗਣ ਮਗਰੋਂ ਬੁੱਗਾ ਦੀ ਭਰਜਾਈ 23 ਦਸੰਬਰ 2023 ਨੂੰ ਮੌਤ ਹੋ ਗਈ ਸੀ। ਇਸ ਮਾਮਲੇ ‘ਚ ਉਸ ਦੇ ਖ਼ਿਲਾਫ਼ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐੱਫ.ਆਈ.ਆਰ. ਵਿਚ ਬੁੱਗਾ ਦੇ ਸਾਥੀ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ।
ਪੰਜਾਬੀ ਗਾਇਕ ਦੇ ਭਰਾ ਦੀ ਸ਼ਿਕਾਇਤ ਮਗਰੋਂ ਫ਼ਤਹਿਗੜ੍ਹ ਸਾਹਿਬ ਪੁਲਸ ਨੇ ਆਈ.ਪੀ.ਸੀ. ਦੀ ਧਾਰਾ 304, 323, 341, 506 ਅਤੇ 34 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਹੈ। ਬੁੱਗਾ ਤੋਂ ਇਲਾਵਾ ਉਸ ਦੇ ਸਾਥੀ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਦਾ ਨਾਂ ਸ਼ਾਮਲ ਕੀਤਾ ਗਿਆ ਹੈ।
ਪਿੰਡ ਮੁਕਾਰੋਪੁਰ ਦੇ ਵਸਨੀਕ ਦਵਿੰਦਰ ਸਿੰਘ ਭੋਲਾ ਨੇ ਸ਼ਿਕਾਇਤ ‘ਚ ਕਿਹਾ ਕਿ ਉਸ ਦੇ ਭਰਾ ਸਤਵਿੰਦਰ ਬੁੱਗਾ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਝਗੜਾ ਚੱਲ ਰਿਹਾ ਸੀ। 23 ਦਸੰਬਰ ਨੂੰ ਉਹ ਆਪਣੇ ਖੇਤਾਂ ਵਿਚ ਗਿਆ ਜਿੱਥੇ ਸਤਵਿੰਦਰ ਆਪਣੇ ਸਾਥੀਆਂ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਸਮੇਤ ਪਹਿਲਾਂ ਹੀ ਮੌਜੂਦ ਸੀ। ਤਿੰਨਾਂ ਨੇ ਉਸ ਨੂੰ ਘੇਰ ਲਿਆ ਤੇ ਜਦੋਂ ਉਹ ਵੀਡੀਓ ਬਣਾਉਣ ਲੱਗਾ ਤਾਂ ਉਨ੍ਹਾਂ ਉਸ ਦਾ ਮੋਬਾਈਲ ਖੋਹ ਲਿਆ। ਤਿੰਨਾਂ ਨੇ ਉਸ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਿਆ। ਬੁੱਗਾ ਨੇ ਉਸ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦਾ ਸਾਹ ਰੁਕਣ ਲੱਗਾ ਤਾਂ ਤਿੰਨੋਂ ਉਸ ਨੂੰ ਛੱਡ ਕੇ ਮੋਟਰ ‘ਤੇ ਚਲੇ ਗਏ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਕਾਰ ਤੱਕ ਪਹੁੰਚਿਆ। ਸਤਵਿੰਦਰ ਤੇ ਹਰਵਿੰਦਰ ਉੱਥੇ ਆਏ, ਖਿੜਕੀ ਫੜ ਕੇ ਕਾਰ ਦੀਆਂ ਚਾਬੀਆਂ ਕੱਢ ਲਈਆਂ। ਫਿਰ ਉਸ ਦੇ ਨੌਕਰ ਸੁਸ਼ੀਲ ਨੇ ਘਰ ਜਾ ਕੇ ਅਮਰਜੀਤ ਕੌਰ ਨੂੰ ਘਟਨਾ ਦੀ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਉਸ ਦੀ ਪਤਨੀ ਖੇਤਾਂ ਵਿਚ ਪਹੁੰਚੀ। ਸਤਵਿੰਦਰ ਬੁੱਗਾ ਨੇ ਭਰਾ ਦੀ ਪਤਨੀ ਅਮਰਜੀਤ ਦੀ ਬਾਂਹ ਫੜ ਕੇ ਉਸ ਨੂੰ ਧੱਕਾ ਦਿੱਤਾ। ਉਹ ਜ਼ਮੀਨ ‘ਤੇ ਡਿੱਗ ਗਈ। ਅਮਰਜੀਤ ਦੇ ਸਿਰ ‘ਤੇ ਸੱਟ ਲੱਗੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਜਦੋਂ ਉਸ ਨੇ ਹੱਥ-ਪੈਰ ਰਗੜੇ ਤਾਂ ਉਸ ਨੂੰ ਹੋਸ਼ ਆ ਗਿਆ। ਫਿਰ ਅਮਰਜੀਤ ਦੀ ਸਿਹਤ ਵਿਗੜ ਗਈ। ਪਹਿਲਾਂ ਉਹ ਉਸ ਨੂੰ ਖੇੜਾ ਸਿਵਲ ਹਸਪਤਾਲ ਲੈ ਗਿਆ। ਉੱਥੋਂ ਉਸ ਨੂੰ ਫ਼ਤਿਹਗੜ੍ਹ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੇ ਵੀ ਉਸ ਦੀ ਦੀ ਸਿਹਤ ਵਿਚ ਸੁਧਾਰ ਨਹੀਂ ਹੋਇਆ ਅਤੇ ਚੰਡੀਗੜ੍ਹ ਵਿਖੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।