Breaking
Thu. Mar 27th, 2025

ਲੋਹੜੀ ਤੇ ਮਾਪਿਆਂ ਦੇ ਤਿਲਫੁੱਲ ਦੀ ਗੱਲ-ਸਤਪਾਲ ਜੌਹਲ

ਕੈਨੇਡਾ, 14 ਜਨਵਰੀ 2024-ਘਰਾਂ ਅੰਦਰ (ਸਿਰਾਂ ਵਿੱਚ ਵੀ) ਕੁੜੀ ਅਤੇ ਮੁੰਡੇ ਦੇ ਫਰਕ ਕਰੀ ਜਾਣ ਦੀ ਪੱਕੀ ਆਦਤ ਬਦਲਣ ਤੋਂ ਬਿਨ੍ਹਾਂ ਲੋਹੜੀ ਦੇ ਜਸ਼ਨ ਵਿਤਕਰਾ ਬਰਕਰਾਰ ਰੱਖਣ ਵਾਲੀ ਗੱਲ ਹੈ। ਮੁੰਡੇ ਪੈਦਾ ਕਰਨ ਲਈ ਲ੍ਹੇਲੜੀਆਂ ਅਤੇ ਕੁੜੀਆਂ ਤੋਂ ਖਹਿੜਾ ਛੁਡਾਉਣ ਵਾਲਾ ਕਿਰਦਾਰ ਲੋਹੜੀ ਦੇ ਤਿਓਹਾਰ ਦੀ ਅਸਲ ਭਾਵਨਾ ਦੇ ਅਨੁਕੂਲ ਨਹੀਂ ਹੈ। ਜੇਕਰ ਮੁੰਡਿਆਂ ਨੂੰ ਪੜ੍ਹਾਉਣਾ ਤੇ ਵਿਆਹੁਣਾ ਇਕ ਉਲਾਂਭਾ ਨਹੀਂ ਬਣਿਆ, ਤਾਂ ਇਸ ਤਰ੍ਹਾਂ ਨਾਲ਼ ਕੁੜੀਆਂ ਨੂੰ ਘਰ ਵਿੱਚ ਬੇਗਾਨੀਆਂ ਕਰਕੇ ਰੱਖਣ ਵਾਲੀ ਮਾਪਿਆਂ/ਦਾਦਕਿਆਂ/ਨਾਨਕਿਆਂ ਦੀ ਬੱਜਰ ਕੁਰਹਿਤ ਉਨ੍ਹਾਂ ਨੂੰ ਸਵਰਗਾਂ ਦੇ ਭਾਗੀ ਸ਼ਾਇਦ ਨਾ ਬਣਾ ਰਹੀ ਹੋਵੇ। ਜੇਕਰ ਮੁੰਡਾ ਆਪਣੇ ਘਰ ਪੈਦਾ ਹੋਇਆ ਤਾਂ ਕੁੜੀ ਬੇਗਾਨੇ ਘਰ ਕਿਵੇਂ ਪੈਦਾ ਹੋਈ! ਜੇ ਮੁੰਡੇ ਦਾ ਘਰ ਕਿਤੇ ਹੋਰ ਨਹੀਂ, ਤਾਂ ਫਿਰ ਕੁੜੀ ਦਾ ਘਰ ਕਿਤੇ ਹੋਰ ਕਿਓਂ! ਮਾਪਿਆਂ ਦਾ ਘਰ-ਖੇਤ ਮੁੰਡਿਆਂ ਦੇ, ਤੇ ਕੁੜੀਆਂ ਦਾ ਘਰ-ਬਾਰ ਕਿਤੇ ਹੋਰ ਸਮਝਣ ਵਾਲੀ ਧਾਰਨਾ ਔਲਾਦਾਂ ਵਿਚਕਾਰ ਵਿਤਕਰੇ ਦੀ ਸਿਖਰ ਹੈ।

ਮਾਪਿਆਂ ਦੀ ਜਾਇਦਾਦ ਉਪਰ ਮੁੰਡਿਆਂ ਦਾ ਅਖੌਤੀ ਜਨਮ-ਸਿੱਧ ਅਧਿਕਾਰ ਹੀ ਕੁੜੀ ਨੂੰ ਘਰ ਵਿੱਚ ਬੇਗਾਨੀ ਬਣਾ ਕੇ ਰੱਖਦਾ ਹੈ। ਸੰਸਾਰ ਦਾ ਮੌਜੂਦਾ ਨਕਸ਼ਾ ਗਵਾਹ ਹੈ ਕਿ ਕੁੜੀਆਂ ਤੇ ਮੁੰਡਿਆਂ ਦੇ ਵਿਤਕਰਿਆਂ ਨੂੰ ਪੱਠੇ ਪਾਉਣ ਵਾਲੀਆਂ ਕੌਮਾਂ ਦੇ ਲੋਕਾਂ ਨੇ ਇਸ ਧਰਤੀ ਉਪਰ ਨੰਬਰ ਵੰਨ ਦੇਸ਼ ਨਹੀਂ ਸਿਰਜੇ, ਸਗੋਂ ਦੁਨੀਆਂ ਵਿੱਚ ਖਾਕ ਛਾਨਣ ਵਾਲੀ ਗੱਲ ਬਣੀ ਰਹਿੰਦੀ ਹੈ। ਮਾਪੇ ਦੇ ਚੱਲ ਤੇ ਅਚੱਲ ਤਿਲਫੁਲ (ਘਰ, ਪਲਾਟ, ਜਮੀਨ, ਕੈਸ਼ ਵਗੈਰਾ) ਉਪਰ ਕੁੜੀਆਂ (ਭੈਣਾਂ) ਅਤੇ ਮੁੰਡਿਆਂ (ਭਰਾਵਾਂ) ਦੇ ਬਰਾਬਰ ਹੱਕ ਨੂੰ ਮਾਨਤਾ ਦੇਣ ਵਾਲੀਆਂ ਕੌਮਾਂ ਨੇ ਨੰਬਰ ਵੰਨ ਦੇਸ਼ ਬਣਾਏ ਹਨ। ਇਹ ਵੀ ਕਿ ਧੀਆਂ ਦੀ ਲੋਹੜੀ ਮਨਾਉਣ ਦੀ ਰਸਮ ਕਰਨਾ ਪਰ ਉਨ੍ਹਾਂ ਨੂੰ ਮਾਪਿਆਂ ਦੀ ਜਾਇਦਾਦ (ਤਿਲਫੁਲ) ਤੋਂ ਬੇਗਾਨੀਆਂ ਰੱਖਣ ਨਾਲ਼ ਬਰਾਬਰੀ ਨਹੀਂ ਹੋਈ। ਸੋਚਣਾ ਬਣਦਾ ਹੈ ਕਿ ਜਿਸ ਮਾਪੇ ਤੇ ਭਰਾ(ਵਾਂ) ਨੇ ਆਪਣੇ ਘਰਾਂ-ਕਿਰਦਾਰਾਂ ਵਿੱਚ ਕੁੜੀਆਂ/ਭੈਣਾਂ ਨਾਲ਼ ਸੁੱਤੇਸਿੱਧ ਬੇਗਾਨੀਆਂ ਵਾਲਾ ਸਲੂਕ ਕਰਕੇ ਇਸ ਸੰਸਾਰ ਵਿਚੋਂ ਜਾਣਾ ਹੈ, ਕੀ ਉਸ ਮਾਪੇ ਤੇ ਭਰਾ ਦੀ ਆਤਮਾ ਨੂੰ ਚੈਨ ਆਵੇਗਾ ਵੀ ਜਾਂ ਨਹੀ ਵਾਹਿਗੁਰੂ ਜੀ।

By admin

Related Post

Leave a Reply

Your email address will not be published. Required fields are marked *