ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ
ਫਿਲੌਰ (ਜਲੰਧਰ), 13 ਜਨਵਰੀ 2024- ਉਪ ਮੰਡਲ ਮੈਜਿਸਟ੍ਰੇਟ ਅਮਨਪਾਲ ਸਿੰਘ ਨੇ ਅੱਜ ਅਧਿਕਾਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 14 ਅਤੇ 17 ਜਨਵਰੀ ਨੂੰ ਸਬ-ਡਵੀਜ਼ਨ ਦੇ ਗੁਰਦੁਆਰਿਆਂ ਵਿੱਚ ਲਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ ਵੱਧ ਤੋਂ ਵੱਧ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ’ਤੇ ਜ਼ੋਰ ਦਿੱਤਾ ਹੈ ਤਾਂ ਜੋ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।
ਇਥੇ ਆਪਣੇ ਦਫ਼ਤਰ ਵਿਖੇ ਤਹਿਸੀਲਦਾਰ, ਨਾਇਬ ਤਹਿਸੀਲਦਾਰਾਂ, ਬੀ.ਡੀ.ਪੀ.ਓਜ਼ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਐਸ.ਡੀ.ਐਮ. ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦੀਆਂ ਹਦਾਇਤਾਂ ਅਨੁਸਾਰ ਸਬ-ਡਵੀਜ਼ਨ ਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ ਬੀ.ਐਲ.ਓਜ਼ ਅਤੇ ਪਟਵਾਰੀਆਂ ਵੱਲੋਂ ਫਾਰਮ ਪ੍ਰਾਪਤ ਕੀਤੇ ਜਾਣਗੇ। ਜਦਕਿ ਸ਼ਹਿਰਾਂ ਵਿੱਚ ਨਗਰ ਕੌਂਸਲ ਦਫ਼ਤਰਾਂ ਦੇ ਕਰਮਚਾਰੀ ਅਤੇ ਬੀ.ਐਲ.ਓਜ਼ ਫਾਰਮ ਲੈਣਗੇ।
ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਬਿਨੈਕਾਰਾਂ ਪਾਸੋਂ ਹੀ ਫਾਰਮ ਪ੍ਰਾਪਤ ਕੀਤੇ ਜਾਣ, ਜੋ ਫਾਰਮ ਨੰ. 1 ਵਿੱਚ ਦਰਸਾਈਆਂ ਗਈਆਂ ਸ਼ਰਤਾਂ ਪੂਰੀਆਂ ਕਰਦੇ ਹੋਣ। ਉਨ੍ਹਾਂ ਕਿਹਾ ਕਿ ਵੋਟਰ ਦੀ ਉਮਰ 21 ਸਾਲ (21-10-2023 ਤੱਕ) ਤੋਂ ਘੱਟ ਨਹੀਂ ਹੋਣੀ ਚਾਹੀਦੀ।
ਉਨ੍ਹਾਂ ਦੱਸਿਆ ਕਿ ਪਟਵਾਰੀਆਂ ਰਾਹੀਂ ਸਬੰਧਤ ਪਿੰਡਾਂ ਦੇ ਗੁਰਦੁਆਰਿਆਂ ਅਤੇ ਬੀ.ਐਲ.ਓਜ਼ ਨੂੰ ਲੋੜੀਂਦੀ ਗਿਣਤੀ ਵਿੱਚ ਫਾਰਮ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਵਿੱਚ ਸਬੰਧਤ ਕਾਰਜ ਸਾਧਕ ਅਫ਼ਸਰਾਂ ਨੂੰ ਵੀ ਸ਼ਹਿਰੀ ਖੇਤਰ ਦੇ ਗੁਰਦੁਆਰਿਆਂ ਅਤੇ ਬੀ.ਐਲ.ਓਜ਼ ਨੂੰ ਫਾਰਮ ਮੁਹੱਈਆ ਕਰਵਾਉਣ ਦੇ ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਵਜੋਂ ਰਜਿਸਟ੍ਰੇਸ਼ਨ ਲਈ ਵਿਅਕਤੀ ਦਾ ਕੇਸਧਾਰੀ ਸਿੱਖ ਹੋਣਾ ਲਾਜ਼ਮੀ ਹੈ। ਜੋ ਵਿਅਕਤੀ ਆਪਣੀ ਦਾੜੀ ਕਟਵਾਉਂਦੇ ਹੈ ਜਾਂ ਸ਼ੇਵ ਕਰਦੇ, ਬੀੜੀ/ਸਿਗਰਟ ਜਾਂ ਸ਼ਰਾਬ ਪੀਂਦੇ ਹਨ, ਆਪਣੇ-ਆਪ ਨੂੰ ਵੋਟਰ ਵਜੋਂ ਰਜਿਸਟਰ ਨਹੀਂ ਕਰਵਾ ਸਕਦੇ।