ਜਲੰਧਰ, 11 ਜਨਵਰੀ 2024-ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੇ ਆਪਣੇ ਪਿਸਤੌਲ ਦੀ ਗੋਲੀ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ। ਸਰਕਾਰੀ ਪਿਸਤੌਲ ਨੂੰ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਸਿਰ ‘ਚ ਵੱਜਣ ਕਾਰਨ ਸਬ-ਇੰਸਪੈਕਟਰ ਭੁਪਿੰਦਰ ਸਿੰਘ (50 ਸਾਲਾ) ਵਾਸੀ ਭੋਗਪੁਰ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਸੀ. ਆਈ. ਏ. ਸਬ-ਇੰਸਪੈਕਟਰ, ਜੋ ਕਿ ਦਿਹਾਤੀ ਇਲਾਕੇ ‘ਚ ਸੇਵਾ ਨਿਭਾਅ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਵੀਜ਼ਨ ਨੰਬਰ 2 ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਭੁਪਿੰਦਰ ਸਿੰਘ ਸੀ. ਆਈ. ਏ. ਸਟਾਫ ਦਿਹਾਤੀ ਦੇ ਦਫਤਰ ਕੋਲ ਬਣੀ ਪਾਰਕਿੰਗ ‘ਚ ਬੁੱਧਵਾਰ ਸ਼ਾਮ ਕਰੀਬ 6.30 ਵਜੇ ਆਪਣੀ ਕਾਰ ‘ਚ ਬੈਠ ਕੇ 9 ਐੱਮ. ਐੱਮ. ਦੀ ਸਰਕਾਰੀ ਪਿਸਤੌਲ ਦੀ ਸਫਾਈ ਕਰ ਰਿਹਾ ਸੀ।
ਇਸ ਦੌਰਾਨ ਅਚਾਨਕ ਉਸ ਦੇ ਪਿਸਤੌਲ ‘ਚੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ ‘ਚ ਲੱਗੀ। ਇਸ ਸਬੰਧੀ ਜਦੋਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਭੁਪਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਤੇ ਉਸ ਦਾ ਸਿਰ ਪੂਰੀ ਤਰ੍ਹਾਂ ਖੂਨ ਨਾਲ ਲਥਪਥ ਸੀ। ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਤੇ ਮ੍ਰਿਤਕ ਦੀ ਕਾਰ ਤੇ ਉਸ ਦਾ ਸਰਕਾਰੀ ਪਿਸਤੌਲ ਆਪਣੇ ਕਬਜ਼ੇ ‘ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮ੍ਰਿਤਕ ਐੱਸ. ਆਈ. ਭੁਪਿੰਦਰ ਸਿੰਘ ਦੀ ਪਤਨੀ ਕੁਲਜੀਤ ਕੌਰ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ।