ਕਿਹਾ ਪੈਂਡੈਂਸੀ ਦੇ ਨਿਪਟਾਰੇ ਲਈ ਕਰਮਚਾਰੀਆਂ ਨੂੰ ਵੱਖ-ਵੱਖਰੀਆਂ ਡਿਊਟੀਆਂ ਸੌਂਪੀਆਂ
ਜਲੰਧਰ, 10 ਜਨਵਰੀ 2024-ਡਾਈਵਿੰਗ ਲਾਇੰਸਸਾਂ, ਆਰ.ਸੀਜ਼. ਆਦਿ ਸਬੰਧੀ ਪੈਂਡੇਸੀ ਨੂੰ ਦੂਰ ਕਰਨ ਲਈ ਰੀਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਸੇਵਾਵਾਂ ਪ੍ਰਾਪਤ ਕਰਨ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਆਰ.ਟੀ.ਓ. ਜਲੰਧਰ ਆਦਿਤਿਆ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਫ਼ਤਰ ਦੇ ਕਰਮਚਾਰੀਆਂ ਨੂੰ ਵੱਖੋ-ਵੱਖਰੀਆਂ ਡਿਊਟੀਆਂ ਸੌਂਪਦੇ ਹੋਏ ਬਾਕਾਇਦਾ ਹੁਕਮ ਜਾਰੀ ਕੀਤੇ ਗਏ ਹਨ ਤਾਂ ਜੋ ਪੈਂਡੈਂਸੀ ਨੂੰ ਜਲਦ ਤੋਂ ਜਲਦ ਖ਼ਤਮ ਕੀਤਾ ਜਾ ਸਕੇ।
ਸ੍ਰੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ 6 ਦਸੰਬਰ 2023 ਨੂੰ ਅਹੁਦਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਦਫ਼ਤਰ ਵੱਲੋਂ 5330 ਡਰਾਈਵਿੰਗ ਲਾਇਸੈਂਸ ਬਣਾਏ ਹਨ ਅਤੇ 3964 ਆਰ.ਸੀਜ਼ ਪ੍ਰਵਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਇਸ ਮਿਆਦ ਦੌਰਾਨ 241829106 ਰੁਪਏ ਮੋਟਰ ਵ੍ਹੀਕਲ ਟੈਕਸ ਦੇ ਰੂਪ ਵਿੱਚ ਇਕੱਤਰ ਕੀਤੇ ਗਏ ਹਨ, ਜਿਸ ਵਿੱਚ ਪਰਮਿਟ ਫੀਸ, ਰਜਿਸਟ੍ਰੇਸ਼ਨ ਫੀਸ, ਫਿੱਟਨਸ ਫੀਸ ਆਦਿ ਸ਼ਾਮਲ ਹੈ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ 777 ਕਮਰਸ਼ੀਅਲ ਵਾਹਨਾਂ ਨੂੰ ਫਿਟਨਸ ਅਤੇ ਪਾਸਿੰਗ ਸਬੰਧੀ ਪ੍ਰਵਾਨਗੀ ਦੇਣ ਤੋਂ ਇਲਾਵਾ 1329 ਚਲਾਨਾਂ ਦੇ ਭੁਗਤਾਨ ਨਾਲ 2161000 ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਆਰ.ਟੀ.ਓ. ਨੇ ਕਿਹਾ ਕਿ ਦਫ਼ਤਰ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋਕਾਂ ਦੀਆਂ ਲੰਬਿਤ ਦਰਖਾਸਤਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨ ਦੇ ਹੁਕਮ ਪਹਿਲਾਂ ਹੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਲਾਇਸੈਂਸ ਬਣਾਉਣ ਜਾਂ ਆਰ.ਟੀ.ਓ. ਦਫ਼ਤਰ ਨਾਲ ਸਬੰਧਤ ਕੰਮ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।