Breaking
Thu. Mar 27th, 2025

ਮਾਲ ਮੰਤਰੀ ਵਲੋਂ ਇੰਤਕਾਲ ਸਬੰਧੀ ਕੇਸਾਂ ਦੇ ਨਿਪਟਾਰੇ ਲਈ ਫਿਲੌਰ ’ਚ ਲਗਾਏ ਵਿਸ਼ੇਸ਼ ਕੈਂਪ ਦਾ ਜਾਇਜ਼ਾ

ਸੂਬੇ ’ਚ ਮੌਜੂਦਾ ਤੇ ਨਵੀਆਂ ਸਬ ਤਹਿਸੀਲਾਂ ਤੇ ਤਹਿਸੀਲਾਂ ਦੇ ਨਵੀਨੀਕਰਨ ਲਈ 175 ਕਰੋੜ ਰੁਪਏ ਜਾਰੀ- ਜਿੰਪਾ

ਜਲੰਧਰ ਦੀਆਂ ਸਾਰੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ’ਚ ਵਿਸ਼ੇਸ਼ ਕੈਂਪਾਂ ਦੌਰਾਨ ਕੀਤੇ ਗਏ ਇੰਤਕਾਲ

ਫਿਲੌਰ/ਜਲੰਧਰ, 06 ਜਨਵਰੀ 2024-ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਮਾਲ ਵਿਭਾਗ ਦੇ ਕੰਮ-ਕਾਜ ਨੂੰ ਅਸਾਨ ਬਣਾਉਣ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ।

ਤਹਿਸੀਲ ਫਿਲੌਰ ਵਿਖੇ ਇੰਤਕਾਲ ਦੇ ਬਕਾਇਆ ਮਾਮਲਿਆਂ ਦੇ ਹੱਲ ਲਈ ਲਗਾਏ ਗਏ ਵਿਸ਼ੇਸ਼ ਕੈਂਪ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮਾਲ ਮੰਤਰੀ ਨੇ ਕਿਹਾ ਕਿ ਇਹ ਮੁਹਿੰਮ ਸ਼ੁਰੂ ਕਰਨ ਦਾ ਮੁੱਖ ਮੰਤਵ ਬਕਾਇਆ ਇੰਤਕਾਲਾਂ ਦਾ ਨਿਪਟਾਰਾ ਕਰਕੇ ਲੋਕਾਂ ਦੀ ਸੇਵਾ ਕਰਨਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਵਿਭਾਗ ਵਿੱਚ ਸੁਧਾਰ ਕੀਤੇ ਜਾ ਰਹੇ ਹਨ।

ਸ੍ਰੀ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਸੂਬੇ ਵਿੱਚ ਨਵੀਆਂ ਤੇ ਪਹਿਲਾਂ ਤੋਂ ਮੌਜੂਦ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੀਆਂ ਇਮਾਰਤਾਂ ਦੇ ਨਵੀਨੀਕਰਨ ਲਈ 175 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਸਪਸ਼ਟ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ਼ ਸ਼ਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵਲੋਂ ਪਹਿਲਾਂ ਹੀ ਕਾਰਗੁਜ਼ਾਰੀ ਸਬੰਧੀ ਸ਼ਿਕਾਇਤ ਕਰਨ ਲਈ ਹੈਲਪਲਾਈਨ ਨੰਬਰ 81849-00002 ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਨ.ਆਰ.ਆਈਜ਼ ਆਪਣੀ ਸ਼ਿਕਾਇਤ 94641-00168 ’ਤੇ ਦਰਜ ਕਰਵਾ ਸਕਦੇ ਹਨ।

ਮਾਲ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਉਨਾਂ ਦੀਆਂ ਬਰੂਹਾਂ ’ਤੇ ਸੇਵਾਵਾਂ ਪ੍ਰਦਾਨ ਕਰਨ ਲਈ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ 43 ਪ੍ਰਸ਼ਾਸਕੀ ਸੇਵਾਵਾਂ ਜਿਵੇਂ ਜਨਮ ਅਤੇ ਮੌਤ ਸਰਟੀਫਿਕੇਟ, ਆਮਦਨ, ਰਿਹਾਇਸ਼, ਜਾਤੀ, ਪੈਨਸ਼ਨ, ਬਿਜਲੀ ਬਿੱਲ ਅਦਾਇਗੀ ਆਦਿ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾਗਰਿਕ ਹੈਲਪਲਾਈਨ ਨੰਬਰ 1076 ਰਾਹੀਂ ਆਪਣੀ ਸਹੂਲਤ ਅਨੁਸਾਰ ਮਿਲਣ ਦਾ ਸਮਾਂ ਨਿਰਧਾਰਿਤ ਕਰਕੇ ਇਨਾਂ ਸੇਵਾਵਾਂ ਦਾ ਲਾਭ ਉਠਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਜਲੰਧਰ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਜਿਵੇਂ ਜਲੰਧਰ-1, ਜਲੰਧਰ-2, ਕਰਤਾਰਪੁਰ, ਭੋਗਪੁਰ, ਨਕੋਦਰ, ਸ਼ਾਹਕੋਟ, ਫਿਲੌਰ, ਨੂਰਮਹਿਲ, ਲੋਹੀਆਂ ਅਤੇ ਆਦਮਪੁਰ ਵਿਖੇ ਅਜਿਹੇ ਵਿਸ਼ੇਸ਼ ਕੈਂਪ ਲਗਾਏ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂ ਪ੍ਰਿੰਸੀਪਲ ਪ੍ਰੇਮ ਕੁਮਾਰ, ਉਪ ਮੰਡਲ ਮੈਜਿਸਟਰੇਟ ਗੁਰਸਿਰਮਨ ਸਿੰਘ ਢਿਲੋਂ ਅਤੇ ਹੋਰ ਵੀ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *