ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ
ਜਲੰਧਰ, 5 ਜਨਵਰੀ 2024- ਲੰਬਿਤ ਇੰਤਕਾਲਾਂ ਦੇ ਨਿਪਟਾਰੇ ਲਈ ਪ੍ਰਸ਼ਾਸਨ ਵੱਲੋਂ 6 ਜਨਵਰੀ ਦਿਨ ਸ਼ਨੀਵਾਰ ਨੂੰ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਅਤੇ ਲੋਕਹਿੱਤ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਤਹਿਸੀਲ ਦਫ਼ਤਰ ਸ਼ਾਹਕੋਟ, ਜਲੰਧਰ-1, ਜਲੰਧਰ-2, ਨਕੋਦਰ, ਫਿਲੌਰ ਅਤੇ ਆਦਮਪੁਰ ਤੋਂ ਇਲਾਵਾ ਸਬ ਤਹਿਸੀਲ ਦਫ਼ਤਰ ਲੋਹੀਆਂ, ਮਹਿਤਪੁਰ, ਨੂਰਮਹਿਲ, ਕਰਤਾਰਪੁਰ ਅਤੇ ਭੋਗਪੁਰ ਵਿਖੇ ਇਹ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਸ੍ਰੀ ਸਾਰੰਗਲ ਨੇ ਅੱਗੇ ਦੱਸਿਆ ਕਿ ਮਾਲ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਇਨ੍ਹਾਂ ਕੈਂਪਾਂ ਵਿੱਚ ਮੌਜੂਦ ਰਹਿਣਗੇ ਅਤੇ ਲੋਕਾਂ ਦੇ ਜਾਇਦਾਦਾਂ ਸਬੰਧੀ ਲੰਬਿਤ ਪਏ ਇੰਤਕਾਲ ਦਰਜ ਕਰਨਗੇ।
ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਕੈਂਪਾਂ ਵਿੱਚ ਆਉਣ ਵਾਲੇ ਲੋਕਾਂ ਦੀ ਸੁਵਿਧਾ ਨੂੰ ਯਕੀਨੀ ਬਣਾਉਣ ਸਬੰਧੀ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗਣ ਵਾਲੇ ਇਨ੍ਹਾਂ ਕੈਂਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਜਾਇਦਾਦਾਂ ਦੀ ਰਜਿਸਟਰੀ ਉਪਰੰਤ ਇੰਤਕਾਲ ਪੈਂਡਿੰਗ ਹਨ, ਉਹ ਇਨ੍ਹਾਂ ਕੈਂਪਾਂ ਵਿੱਚ ਸਮੇਂ ਸਿਰ ਪੁੱਜ ਕੇ ਸੁਵਿਧਾ ਦਾ ਲਾਭ ਲੈ ਸਕਦੇ ਹਨ।