ਨਜ਼ਾਇਜ਼ ਸ਼ਰਾਬ ਦੀ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਦੇ ਨਾਲ-ਨਾਲ ਜਾਨ ਵੀ ਜਾ ਸਕਦੀ- ਨਵਜੀਤ ਸਿੰਘ
ਜਲੰਧਰ, 29 ਦਸੰਬਰ 2023-ਜ਼ਿਲ੍ਹੇ ਵਿੱਚ ਨਜ਼ਾਇਜ ਸ਼ਰਾਬ ਦੀ ਰੋਕਥਾਮ ਲਈ ਆਬਕਾਰੀ ਵਿਭਾਗ ਦੀਆਂ ਟੀਮਾਂ ਵਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 25 ਤਰਪਾਲਾਂ ਅਤੇ ਦੋ ਡਿੱਗੀਆਂ ਵਿੱਚ ਬਰਾਮਦ ਲਗਭਗ 1,30,000 ਲੀਟਰ ਕੱਚੀ ਲਾਹੁਣ ਨੂੰ ਨਸ਼ਟ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਵੈਸਟ ਨਵਜੀਤ ਸਿੰਘ ਨੇ ਦੱਸਿਆ ਕਿ ਆਬਕਾਰੀ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ’ਤੇ ਨਜ਼ਾਇਜ ਸ਼ਰਾਬ ਦੀ ਰੋਕਥਾਮ ਲਈ ਸ਼ੁਰੂ ਕੀਤੀ ਗਈ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਦਿਆਂ ਉਪ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਅਤੇ ਪਟਿਆਲਾ ਜ਼ੋਨ ਦੀਆਂ ਹਦਾਇਤਾਂ ’ਤੇ ਅੱਜ ਸਤਲੁਜ ਦਰਿਆ ਦੇ ਕੰਢੇ ’ਤੇ ਤਲਾਸ਼ੀ ਅਭਿਆਨ ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਵੈਸਟ ਦੀ ਅਗਵਾਈ ਵਿੱਚ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਈਸਟ, ਸਹਾਇਕ ਕਮਿਸ਼ਨਰ (ਆਬਕਾਰੀ) ਲੁਧਿਆਣਾ ਈਸਟ ਅਤੇ ਵੈਸਟ ਦੀਆਂ ਟੀਮਾਂ ਵਲੋਂ ਦਰਿਆ ਸਤਲੁਜ ਦੇ ਨਾਲ ਲਗਦੇ ਤਕਰੀਬਨ 45 ਕਿਲੋਮੀਟਰ ਦੇ ਖੇਤਰ ਵਿੱਚ ਪਿੰਡ ਵੇਹਰਾਂ, ਭੋਡੇ, ਬੁਰਜ ਹਸਨ, ਸੰਗੋਵਾਲ, ਬੂਟੇ ਦੀਆਂ ਛੰਨਾ ਅਤੇ ਮੀਓਵਾਲ ਨਾਲ ਲਗਦੇ ਖੇਤਰਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਟੀਮ ਵਿੱਚ ਹੇਮੰਤ ਸ਼ਰਮਾ ਆਬਕਾਰੀ ਅਫ਼ਸਰ ਜਲੰਧਰ ਵੈਸਟ, ਮਨਜੀਤ ਸਿੰਘ, ਰਾਮ ਮੂਰਤੀ, ਹਰਜੀਤ ਸਿੰਘ, ਬਲਦੇਵ ਕਿਸ਼ਨ, ਸਾਹਿਲ ਰੰਗਾ, ਆਬਕਾਰੀ ਨਿਰੀਖਕ ਜਲੰਧਰ ਅਤੇ ਹਰਸ਼ਪਿੰਦਰ ਸਿੰਘ, ਹਰਜਿੰਦਰ ਸਿੰਘ, ਬਲਕਰਨ ਸਿੰਘ ਆਬਕਾਰੀ ਨਿਰੀਖਕ ਲੁਧਿਆਣ ਸਮੇਤ ਆਬਕਾਰੀ ਪੁਲਿਸ ਸਟਾਫ਼ ਨੇ ਮੁਹਿੰਮ ਦੌਰਾਨ 8 ਲੋਹੇ ਦੇ ਡਰੰਮ, 6 ਟੀਮ ਦੇ ਪੀਪੇ ਅਤੇ ਰਬੜ ਦੀਆਂ ਟਿਊਬਾਂ ਵਿੱਚ ਲਗਭਗ 250 ਲੀਟਰ ਨਜ਼ਾਇਜ਼ ਸ਼ਰਾਬ ਬਰਾਮਦ ਕਰਕੇ ਮੌਕੇ ’ਤੇ ਹੀ ਨਸ਼ਟ ਕੀਤੀ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਨਜ਼ਾਇਜ਼ ਸ਼ਰਾਬ ਦੀ ਕੋਈ ਵੀ ਡਿਗਰੀ ਨਹੀਂ ਹੁੰਦੀ ਅਤੇ ਇਸ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਖ਼ਤਮ ਹੋ ਸਕਦੀ ਹੈ ਅਤੇ ਜਾਨ ਵੀ ਜਾ ਸਕਦੀ ਹੈ, ਇਸ ਲਈ ਨਜ਼ਾਇਜ਼ ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ।