ਤਰਨਤਾਰਨ, 22 ਦਸੰਬਰ 2023-ਸੀ ਆਈ ਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਵੀਰਵਾਰ ਦੇਰ ਸ਼ਾਮ ਨੂੰ ਮੁਕਾਬਲੇ ਦੌਰਾਨ ਰਾਜੂ ਸ਼ੂਟਰ ਨਾਂ ਦੇ ਬਦਮਾਸ਼ ਨੂੰ ਉਸਦੇ ਸਾਥੀ ਸਣੇ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੂ ਜੋ ਮੋਟਰਸਾਈਕਲ ’ਤੇ ਸਵਾਰ ਸੀ ਨੇ ਪੁਲਿਸ ਦੀ ਗੱਡੀ ਉੱਪਰ ਫਾਇਰਿੰਗ ਕੀਤੀ ਅਤੇ ਦੁਵੱਲੀ ਗੋਲ਼ੀਬਾਰੀ ’ਚ ਉਸਦੀ ਦੀ ਲੱਤ ਵਿਚ ਦੋ ਗੋਲ਼ੀਆਂ ਲੱਗੀਆਂ, ਜਿਸ ਤੋਂ ਬਅਦ ਉਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਤੇ ਉਹ ਡਿੱਗ ਪਏ ਇਸ ਦੌਰਾਨ ਉਹ ਪੁਲਿਸ ਦੇ ਹੱਥੇ ਚੜ੍ਹ ਗਏ। ਜ਼ਖ਼ਮੀ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਲਈ ਦਾਖਲ ਕਰਵਾਇਆ ਗਿਆ ਹੈ।
ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਪਿੰਡ ਮੰਨਣ ਤੋਂ ਢੰਡ ਪਿੰਡ ਵੱਲ ਜਾਂਦੀ ਸੜਕ ਦੇ ਕੋਲ ਨਾਕੇਬੰਦੀ ਕੀਤੀ ਹੋਈ ਸੀ। ਪੌਣੇ 8 ਵਜੇ ਦੇ ਕਰੀਬ ਦੋ ਨੌਜਵਾਨ ਮੋਟਰਸਾਈਕਲ ’ਤੇ ਆਏ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਫਾਇਰਿੰਗ ਕਰਦੇ ਹੋਏ ਨਾਕੇ ਤੋਂ ਭੱਜ ਗਏ। ਜਦੋਂ ਪੁਲਿਸ ਟੀਮ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਾਂ ਬਾਈਕ ਸਵਾਰ ਉਕਤ ਬਦਮਾਸ਼ਾਂ ਨੇ ਪੁਲਿਸ ਦੀ ਗੱਡੀ ਉੱਪਰ ਫਿਰ ਫਾਇਰਿੰਗ ਕਰ ਦਿੱਤੀ।
ਪੁਲਿਸ ਪਾਰਟੀ ਨੇ ਜਦੋਂ ਜਵਾਬੀ ਫਾਇਰ ਕੀਤੇ ਤਾਂ ਇਕ ਨੌਜਵਾਨ ਦੀ ਲੱਤ ਵਿਚ ਦੋ ਗੋਲ਼ੀਆਂ ਲੱਗੀਆਂ ਅਤੇ ਮੋਟਰਸਾਈਕਲ ਸਲਿੱਪ ਹੋਣ ਕਰ ਕੇ ਦੋਵੇਂ ਜਣੇ ਡਿੱਗ ਪਏ। ਟੀਮ ਦੀ ਅਗਵਾਈ ਕਰ ਰਹੇ ਸੀਆਈਏ ਸਟਾਫ ਤਰਨਤਾਰਨ ਦੇ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਬਦਮਾਸ਼ ਦੀ ਪਛਾਣ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਪੁੱਤਰ ਹੀਰਾ ਸਿੰਘ ਵਾਸੀ ਪਿੰਡ ਸੰਘੇ ਅਤੇ ਉਸਦੇ ਸਾਥੀ ਦੀ ਪਛਾਣ ਪਰਮਿੰਦਰਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਇੱਬਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਸਰਕਾਰੀ ਗੱਡੀ ’ਤੇ ਦੋ ਗੋਲ਼ੀਆਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਬਦਮਾਸ਼ਾਂ ਕੋਲੋਂ 30 ਅਤੇ 32 ਬੋਰ ਦੇ ਦੋ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ’ਤੇ ਪੁਲਿਸ ਉੱਪਰ ਹਮਲਾ ਕਰਨ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ